ਅੰਮਿ੍ਤਸਰ, 17 ਫਰਵਰੀ (ਰੇਸ਼ਮ ਸਿੰਘ)-ਸਰਕਾਰ ਵਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ, ਨਸ਼ਾ ਛੱਡਣ ਦੇ ਚਾਹਵਾਨ ਨੌਜਵਾਨਾਂ ਨੂੰ ਮਾਨਸਿਕ ਅਤੇ ਸ਼ਰੀਰਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਸੀ. ਐੱਮ. ਦੀ ਯੋਗਸ਼ਾਲਾ ਵਰਦਾਨ ਸਾਬਤ ਹੋ ਰਹੀ ਹੈ | ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲਕਦਮੀ 'ਤੇ ਸ਼ੁਰੂ ਕੀਤੀ ਗਈ ਸੀ. ਐੱਮ. ਦੀ ਯੋਗਸ਼ਾਲਾ ਅਧੀਨ, ਨਸ਼ਾ ਛੁਡਾਊ ਕੇਂਦਰਾਂ ਵਿਚ ਨਿਯਮਿਤ ਤੌਰ 'ਤੇ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ | ਇਹ ਜਾਣਕਾਰੀ ਦਿੰਦਿਆਂ ਹੋਇਆ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਅੰਮਿ੍ਤਸਰ ਦੇ ਗੁਰੂ ਨਾਨਕ ਮੈਡੀਕਲ ਹਸਪਤਾਲ ਵਿਚ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਅਤੇ ਮੁੜ ਵਸੇਬਾ ਤੇ ਇਲਾਜ ਕੇਂਦਰ ਵਿਖੇ ਸਵੇਰੇ ਅਤੇ ਸ਼ਾਮ ਨੂੰ ਸੀ. ਐੱਮ. ਦੀ ਯੋਗਸ਼ਾਲਾ ਤਹਿਤ ਯੋਗਾ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ, ਜਿਸ 'ਚ ਯੋਗਾ ਇੰਸਟ੍ਰਕਟਰ ਸੁਨੀਲ ਕੁਮਾਰ ਦੁਆਰਾ ਹਰ ਰੋਜ਼ ਲਗਪਗ 50 ਲੋਕਾਂ ਨੂੰ ਯੋਗਾ ਸਿਖਾਇਆ ਜਾ ਰਿਹਾ ਹੈ | ਇਨ੍ਹਾਂ ਸੈਸ਼ਨਾਂ 'ਚ ਧਿਆਨ, ਸੂਖਮ ਵੇਆਮ, ਹਾਸੇ ਦੀ ਥੈਰੇਪੀ, ਤਾੜੀ ਵਜਾਉਣਾ, ਯੋਗ ਆਸਣ ਅਤੇ ਪ੍ਰਾਣਾਯਾਮ ਵਰਗੀਆਂ ਗਤੀਵਿਧੀਆਂ ਸ਼ਾਮਿਲ ਹਨ ਜੋ ਮਰੀਜ਼ਾਂ ਨੂੰ ਤਣਾਅ ਘਟਾਉਣ ਅਤੇ ਸਿਹਤਮੰਦ ਬਣਨ ਵਿਚ ਮਦਦ ਕਰਦੀਆਂ ਹਨ | ਇਹ ਯੋਗ ਆਸਣ ਨਸ਼ਾ ਛੱਡ ਰਹੇ ਮਰੀਜ਼ਾਂ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਤਕੜਿਆਂ ਕਰ ਰਹੇ ਹਨ ਅਤੇ ਇਹ ਨੌਜਵਾਨ ਨਸ਼ੇ ਛੱਡ ਕੇ ਆਮ ਜ਼ਿੰਦਗੀ ਵਿਚ ਪਰਤ ਰਹੇ ਹਨ | ਨਸ਼ਾ ਛੁੜਾਊ ਕੇਂਦਰ ਵਿਚ ਨਸ਼ਾ ਛੱਡਣ ਆਏ ਨੌਜਵਾਨਾਂ ਨੇ ਦੱਸਿਆ ਕਿ ਯੋਗ ਕਰਨ ਦੇ ਨਾਲ ਸਰੀਰ ਦੀ ਲਚਕੀਲਾਪਨ ਅਤੇ ਨਸ਼ੇ ਦੀ ਤੋੜ ਨਾਲ ਹੋਣ ਵਾਲੇ ਦਰਦ ਵੀ ਠੀਕ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਯੋਗ ਕਰਨ ਨਾਲ ਹੁਣ ਉਹ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰ ਰਹੇ ਹਨ | ਨਸ਼ਾ ਛੱਡਣ ਆਏ ਇਕ ਹੋਰ ਨੌਜਵਾਨ ਨੇ ਦੱਸਿਆ ਕੀ ਐਕਸੀਡੈਂਟ ਦੇ ਕਾਰਨ ਮੇਰੇ ਲੱਤ ਵਿਚ ਦਰਦ ਰਹਿੰਦਾ ਸੀ ਯੋਗ ਕਰਨ ਦੇ ਨਾਲ ਮੇਰਾ ਪੁਰਾਣਾ ਦਰਦ ਠੀਕ ਹੋ ਰਿਹਾ ਹੈ |