ਅੰਮਿ੍ਤਸਰ, 29 ਜਨਵਰੀ (ਸੁਰਿੰਦਰ ਕੋਛੜ)-ਅੰਮਿ੍ਤਸਰ ਦੇ ਪ੍ਰਮੁੱਖ ਪ੍ਰਵੇਸ਼ ਰਸਤੇ ਹਾਲ ਦਰਵਾਜ਼ੇ 'ਤੇ ਲੱਗੀ ਇਤਿਹਾਸਕ ਘੜੀ ਦੀ ਮੁਰੰਮਤ 'ਤੇ ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਇਸ ਦੀ ਟਿੱਕ-ਟਿੱਕ ਇਕ ਵਾਰ ਮੁੜ ਤੋਂ ਰੁਕ ਗਈ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਵੀਂ ਦਿੱਲੀ ਦੀ ਪੰਜਾਬੀ ਬਾਗ ਸਥਿਤ ਪ੍ਰਫੈਕਟ ਇੰਡਸਟਰੀਅਲ ਇੰਸਟਰੂਮੈਂਟ ਤੋਂ 13 ਅਗਸਤ, 2025 ਨੂੰ ਇਸ ਵਿਰਾਸਤੀ ਘੜੀ ਦੀ ਮੁਰੰਮਤ ਕਰਵਾਈ ਗਈ ਸੀ | ਉਸ ਦੌਰਾਨ ਕੰਪਨੀ ਦੇ ਮੁੱਖ ਇੰਜੀਨੀਅਰ ਜਗਜੀਤ ਸਿੰਘ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਸੀ ਕਿ ਇਹ ਘੜੀ ਹੁਣ ਕਈ ਦਹਾਕਿਆਂ ਤੱਕ ਬੰਦ ਜਾਂ ਖ਼ਰਾਬ ਨਹੀਂ ਹੋਵੇਗੀ ਅਤੇ ਬਿਲਕੁਲ ਸਹੀ ਸਮਾਂ ਦੱਸੇਗੀ | ਹਾਲਾਂਕਿ, 5 ਮਹੀਨੇ ਤੋਂ ਵੀ ਘੱਟ ਸਮੇਂ ਦੇ ਅੰਦਰ ਘੜੀ ਦੀਆਂ ਸੂਈਆਂ ਇਕ ਵਾਰ ਫਿਰ ਰੁਕ ਗਈਆਂ ਹਨ | ਜਿਸ ਕਾਰਨ ਉਕਤ ਕੰਪਨੀ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਕਿਰਕਿਰੀ ਹੋ ਰਹੀ ਹੈ | ਘੜੀ ਦੀ ਮੁਰੰਮਤ ਕਰਨ ਵਾਲੀ ਕੰਪਨੀ ਦੇ ਮੁੱਖ ਇੰਜੀਨੀਅਰ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਕੰਪਨੀ ਪਿਛਲੇ ਤਿੰਨ ਦਹਾਕਿਆਂ ਤੋਂ ਦੇਸ਼-ਵਿਦੇਸ਼ 'ਚ ਵਿਸ਼ਾਲ ਆਕਾਰ ਦੀਆਂ ਪੁਰਾਤਨ ਅਤੇ ਵਿਰਾਸਤੀ ਘੜੀਆਂ ਦੀ ਮੁਰੰਮਤ ਕਰ ਚੁਕੀ ਹੈ | ਉਨ੍ਹਾਂ ਮੁਤਾਬਿਕ ਹਾਲ ਗੇਟ 'ਤੇ ਲਗਾਈ ਗਈ ਘੜੀ ਦੀ ਮੁਰੰਮਤ ਮੌਕੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਕਿ ਇਸ ਦੀ ਬਨਾਵਟ ਅਤੇ ਬਾਹਰੀ ਢਾਂਚੇ 'ਚ ਕਿਸੇ ਤਰ੍ਹਾਂ ਦੀ ਕੋਈ ਵੀ ਤਬਦੀਲੀ ਨਾ ਹੋਵੇ | ਦੱਸਿਆ ਜਾ ਰਿਹਾ ਹੈ ਕਿ ਮੁਰੰਮਤ ਦੌਰਾਨ ਹਾਲ ਗੇਟ ਦੀ ਉਕਤ ਘੜੀ ਦੀ ਮਸ਼ੀਨਰੀ 'ਚ ਬਦਲਾਅ ਕਰਦਿਆਂ ਇਸ ਅੰਦਰ ਸੈਟੇਲਾਈਟ ਨਾਲ ਅਟੈਚ ਆਟੋ ਐਡਜਸਟ ਅਤੇ ਜੀ. ਪੀ. ਐੱਸ. ਸਿਸਟਮ ਲਗਾਇਆ ਗਿਆ ਹੈ | ਇਸ ਦੇ ਬਾਵਜੂਦ ਘੜੀ ਦੀਆਂ ਸੂਈਆਂ ਦੇ ਇਕ ਜਗ੍ਹਾ ਆ ਕੇ ਰੁਕ ਜਾਣ ਨਾਲ ਕੰਪਨੀ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ | ਦੱਸਣਯੋਗ ਹੈ ਕਿ ਹਾਲ ਦਰਵਾਜ਼ਾ ਸੰਨ 1876 'ਚ ਅੰਮਿ੍ਤਸਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਸੀ. ਐੱਚ. ਹਾਲ ਵਲੋਂ ਆਪਣੇ ਨਾਂਅ 'ਤੇ ਬਣਵਾਇਆ ਗਿਆ ਸੀ | ਇਸ ਦੇ ਉੱਪਰ ਲੱਗੀ ਘੜੀ ਅਤੇ ਦਰਵਾਜ਼ੇ ਦਾ ਡਿਜ਼ਾਈਨ ਇੰਜੀਨੀਅਰ ਜਾਨ ਗਾਰਡਨ ਨੇ ਸੰਨ 1873-74 'ਚ ਤਿਆਰ ਕੀਤਾ ਸੀ |