ਰਾਜਾਸਾਂਸੀ, 29 ਜਨਵਰੀ (ਹਰਦੀਪ ਸਿੰਘ ਖੀਵਾ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਅੰਮਿ੍ਤਸਰ ਪ੍ਰਧਾਨ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਨੇ ਕਿਹਾ ਹੈ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਡਗਮਗਾ ਚੁੱਕੀ ਹੈ ਅਤੇ ਰਾਜ 'ਚ ਸ਼ਰੇਆਮ ਕਤਲਾਂ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ ਤੇ ਆਮ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਜਿਸ ਤਹਿਤ ਸਰਕਾਰ ਦੀ ਨਾਕਾਮੀ ਹਰ ਪਾਸੇ ਸਾਫ਼ ਦਿਖਾਈ ਦੇ ਰਹੀ ਹੈ | ਰਾਜਾ ਲਦੇਹ ਨੇ ਕਿਹਾ ਕਿ ਦਿਨ ਦਿਹਾੜੇ ਕਤਲ ਹੋ ਰਹੇ ਹਨ ਪਰ ਪੁਲਿਸ ਪ੍ਰਸ਼ਾਸਨ ਨਾਕਾਮ ਸਾਬਤ ਹੋ ਰਿਹਾ ਹੈ | ਉਨ੍ਹਾਂ ਦਾ ਦਾਅਵਾ ਹੈ ਕਿ ਸਰਕਾਰ ਬਿਆਨਾਂ ਤੱਕ ਸੀਮਤ ਰਹਿ ਗਈ ਹੈ ਜਦ ਕਿ ਜ਼ਮੀਨੀ ਪੱਧਰ 'ਤੇ ਹਾਲਾਤ ਹੋਰ ਵੀ ਗੰਭੀਰ ਬਣਦੇ ਜਾ ਰਹੇ ਹਨ | ਰਾਜਾ ਲਦੇਹ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਮੁਦੱਈ ਰਿਹਾ ਹੈ ਅਤੇ ਅੱਗੇ ਵੀ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਰਹੇਗਾ | ਉਨ੍ਹਾਂ ਮੰਗ ਕੀਤੀ ਕਿ ਕਤਲਾਂ ਦੀਆਂ ਘਟਨਾਵਾਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜ਼ੋ ਲੋਕਾਂ ਦਾ ਕਾਨੂੰਨ ਤੇ ਭਰੋਸਾ ਮੁੜ ਬਹਾਲ ਹੋ ਸਕੇ | ਜੇਕਰ ਸਰਕਾਰ ਨੇ ਹਾਲਾਤ 'ਤੇ ਕਾਬੂ ਨਾ ਪਾਇਆ ਤਾਂ ਇਸ ਦੀ ਜ਼ਿੰਮੇਵਾਰੀ ਆਪ ਪਾਰਟੀ ਸਰਕਾਰ ਦੀ ਹੋਵੇਗੀ |