ਅੰਮਿ੍ਤਸਰ, 29 ਜਨਵਰੀ (ਰੇਸ਼ਮ ਸਿੰਘ)-ਸਥਾਨਕ ਰਾਮ ਤੀਰਥ ਰੋਡ 'ਤੇ ਖਰੀਦ ਕੀਤੇ ਪਲਾਟ 'ਤੇ ਘਰ ਬਣਾਉਣ ਦਾ ਠੇਕਾ ਦੇਣਾ ਉਸ ਵੇਲੇ ਮਹਿੰਗਾ ਪਿਆ ਜਦੋਂ ਕਿ ਸੰਬੰਧਿਤ ਆਰਕੀਟੈਕਟ ਨੇ ਨਾ ਤਾਂ ਮੁਕੰਮਲ ਘਰ ਬਣਾ ਕੇ ਹੀ ਦਿੱਤਾ ਉਲਟਾ ਲੱਖਾਂ ਰੁਪਏ ਵੀ ਹੜਪ ਕਰ ਲਏ ਤੇ ਹੁਣ ਜਾਨੋ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ | ਇਹ ਦੋਸ਼ ਇਥੇ ਕਰਵਾਏ ਪੱਤਰਕਾਰ ਸੰਮੇਲਨ 'ਚ ਪੀੜਤ ਲੜਕੀ ਮੁਸਕਾਨ ਗੁਪਤਾ ਪੁੱਤਰੀ ਜਵਾਲਾ ਪ੍ਰਸ਼ਾਦ ਵਾਸੀ ਜਸਵੰਤ ਗਲੀ ਕਟੜਾ ਦੂਲੋ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਦੀ ਕਾਪੀ ਦਿਖਾਉਂਦਿਆਂ ਕੀਤਾ | ਆਪਣੇ ਭਰਾ ਦੀ ਮੌਜੂਦਗੀ 'ਚ ਲੜਕੀ ਮੁਸਕਾਨ ਨੇ ਦੱਸਿਆ ਕਿ ਉੁਹ ਦੋਵੇਂ ਭੈਣ ਭਰਾ ਗੁੜਗਾਓਾ ਵਿਖੇ ਨਿੱਜੀ ਆਈ. ਟੀ. ਸੈਕਟਰ 'ਚ ਕੰਮ ਕਰਦੇ ਹਨ ਜਿਨ੍ਹਾਂ ਵਲੋਂ ਇਥੇ ਆਧਾਰ ਇਨਕਲੇਵ ਰਾਮ ਤੀਰਥ ਰੋਡ ਵਿਖੇ ਪਲਾਟ ਖਰੀਦ ਕੀਤਾ ਸੀ ਜਿਸ 'ਤੇ ਘਰ ਬਣਾਉਣ ਦਾ ਠੇਕਾ ਇਥੇ ਅੰਮਿ੍ਤਸਰ ਦੇ ਹੀ ਸ਼ਾਸਤਰੀ ਨਗਰ ਦੇ ਇਕ ਆਰਕੀਟੈਕਟ ਨੂੰ ਦਿੱਤਾ ਸੀ, ਜਿਸ ਸੰਬੰਧੀ ਇਕ ਐਗਰੀਮੈਂਟ ਵੀ ਹੋਇਆ ਸੀ ਕਿ ਉਹ ਘਰ ਦਾ ਮੁਕੰਮਲ ਨਿਰਮਾਣ ਜਿਸ 'ਚ ਇੰਟਰੀਅਰ ਡਿਜ਼ਾਇਨ, 3 ਡੀ. ਐਨੀਮੇਸ਼ਨ ਵੀਡੀਓ ਆਦਿ ਬਣਾ ਕੇ ਦੇਣ ਦੇ ਨਾਲ-ਨਾਲ ਸਾਰਾ ਕੰਮ 12 ਤੋਂ 14 ਮਹੀਨਿਆਂ 'ਚ ਦੇਣਗੇ | ਇਸ ਲਈ ਸਾਰੀ ਰਕਮ ਵੀ ਦੇ ਚੁੱਕੇ ਹਨ | ਇਸ ਲਈ ਉਨ੍ਹਾਂ ਬੀਤੇ ਸਮੇਂ 'ਚ ਜਦੋਂ ਕੰਮ ਰੋਕ ਦਿੱਤਾ ਤਾਂ ਕੁਝ ਮੁਹਤਬਰ ਬੰਦਿਆਂ ਦੇ ਦਖਲ ਦੇਣ ਨਾਲ ਕੰਮ ਮੁੜ ਚਾਲੂ ਕਰਵਾ ਦਿੱਤਾ ਗਿਆ ਪਰ ਹੁਣ 26 ਮਹੀਨੇ ਬੀਤ ਜਾਣ 'ਤੇ ਵੀ ਕੰਮ ਪੂਰਾ ਨਹੀਂ ਹੋਇਆ | ਹੁਣ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਘਰ 'ਚ ਕਿਸੇ ਹੋਰ ਪਾਰਟੀ ਦਾ ਲਕੜ ਦਾ ਕੰਮ ਕਰਵਾਇਆ ਜਾ ਰਿਹਾ ਸੀ ਤੇ ਜਦੋਂ ਉਨ੍ਹਾਂ ਉਸਨੂੰ ਰੋਕਿਆ ਤਾਂ ਉਸਨੇ ਘਰ 'ਤੇ ਆਪਣਾ ਤਾਲਾ ਜੜ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਵੀ ਕੀਤੀ | ਲੜਕੀ ਨੇ ਇਹ ਵੀ ਦੋਸ਼ ਲਾਇਆ ਕਿ ਆਰਕੀਟੈਕਟ ਵਲੋਂ ਬਹੁਤ ਹੀ ਅਭਦਰ ਭਾਸ਼ਾ ਦੀ ਵਰਤੋਂ ਕਰਕੇ ਧਮਕੀਆਂ ਦਿੱਤੀਆਂ ਗਈਆਂ ਹਨ ਜਿਸ ਦੀ ਰਿਕਾਰਡਿੰਗ ਵੀ ਉਸਦੇ ਕੋਲ ਹੈ | ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਚੁੱਕਾ ਹੈ ਅਤੇ ਉਹ ਦੋਵੇਂ ਭੈਣ ਭਰਾ ਆਰਕੀਟੈਕਟ ਤੋਂ ਇਸ ਕਦਰ ਡਰੇ ਹੋਏ ਹਨ ਕਿ ਹੁਣ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿ ਰਹੇ ਹਨ | ਲੜਕੀ ਤੇ ਉਸਦੇ ਭਰਾ ਵਲੋਂ ਲਾਏ ਦੋਸ਼ਾਂ ਸੰਬੰਧੀ ਜਦੋਂ ਆਰਕੀਟੈਕਟ ਦਾਨਿਸ਼ ਮਹਾਜ਼ਨ ਨਾਲ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਆਪਣਾ ਫੋਨ ਨਹੀਂ ਚੁਕਿਆ |
ਘਰ ਬਣਾਉਣ ਲਈ ਆਰਕੀਟੈਕਟ ਨੂੰ ਠੇਕਾ ਦੇਣਾ ਪਿਆ ਮਹਿੰਗਾ
ਅਜੀਤ ਡੈਸਕ
30-01-2026