ਅਬੋਹਰ, 21 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਸੀਮਾ ਸੁਰੱਖਿਆ ਬਲ ਦੇ ਡਾਇਮੰਡ ਜੁਬਲੀ ਸਮਾਰੋਹ ਦੇ ਤਹਿਤ 55 ਬਟਾਲੀਅਨ ਵਲੋਂ ਅਬੋਹਰ ਦੇ ਨਹਿਰੂ ਪਾਰਕ ਵਿਚ ਵੰਦੇ ਮਾਤਰਮ ਥੀਮ ਤਹਿਤ ਇਕ ਸ਼ਾਨਦਾਰ ਬਰਾਸ ਬੈਂਡ ਸੰਗੀਤ ਪ੍ਰੋਗਰਾਮ ਰੱਖਿਆ ਗਿਆ | ਇਸ ਪ੍ਰਭਾਵਸ਼ਾਲੀ ਪੇਸ਼ਕਾਰੀ ਨੂੰ ਫ਼ਰੰਟੀਅਰ ਦਫ਼ਤਰ ਬੀ.ਐਸ.ਐਫ ਦੇ ਬਰਾਸ ਬੈਂਡ ਪਲਾਟੂਨ ਵਲੋਂ ਪੇਸ਼ ਕੀਤਾ ਗਿਆ | ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿਚ ਅਬੋਹਰ ਸ਼ਹਿਰ ਦੇ ਨਾਗਰਿਕਾਂ ਅਤੇ ਬੀ.ਐਸ.ਐਫ ਦੇ ਜਵਾਨਾਂ ਨੇ ਆਪਣੇ ਪਰਿਵਾਰ ਸਣੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਹਲਕਾ ਵਿਧਾਇਕ ਸੰਦੀਪ ਜਾਖੜ ਅਤੇ ਨਗਰ ਨਿਗਮ ਦੇ ਮੇਅਰ ਵਿਮਲ ਠੱਠਈ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਜਿਨ੍ਹਾਂ ਦਾ ਅਜੈ ਕੁਮਾਰ ਕਮਾਡੈਂਟ 55 ਬਟਾਲੀਅਨ ਬੀ.ਐਸ.ਐਫ ਨੇ ਨਿੱਘਾ ਸਵਾਗਤ ਕੀਤਾ | ਪ੍ਰੋਗਰਾਮ ਵਿਚ ਬੀ.ਐਸ.ਐਫ ਦੇ ਬੈਂਡ ਵਲੋਂ ਦੇਸ਼ ਭਗਤੀ ਦੀਆਂ ਧੁੰਨਾਂ ਨਾਲ ਵਾਤਾਵਰਨ ਨੂੰ ਦੇਸ਼ ਭਗਤੀ ਨਾਲ ਭਰਪੂਰ ਕਰ ਦਿੱਤਾ, ਜਿਸ ਦੀ ਦਰਸ਼ਕਾਂ ਨੇ ਖ਼ੂਬ ਸ਼ਲਾਘਾ ਕੀਤੀ | ਇਹ ਆਯੋਜਨ ਬੀ.ਐਸ.ਐਫ ਦੇ ਸਥਾਨਕ ਨਾਗਰਿਕਾਂ ਵਿਚ ਮਜ਼ਬੂਤ ਸੰਬੰਧ ਬਣਾਉਣ ਦੇ ਉਦੇਸ਼ ਨਾਲ ਕਰਵਾਇਆ ਗਿਆ | ਬੀ.ਐਸ.ਐਫ ਅਧਿਕਾਰੀਆਂ ਨੇ ਸੰਦੇਸ਼ ਦਿੱਤਾ ਕਿ ਬੀ.ਐਸ.ਐਫ ਨਾ ਸਿਰਫ਼ ਬਾਰਡਰ 'ਤੇ ਸੁਰੱਖਿਆ ਦੇ ਲਈ ਵਚਨਬੱਧ ਹੈ, ਬਲਕਿ ਰਾਸ਼ਟਰ ਨਿਰਮਾਣ ਅਤੇ ਜਨ ਸੰਪਰਕ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ |