ਫ਼ਾਜ਼ਿਲਕਾ, 21 ਜਨਵਰੀ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਇਕ ਕਤਲ ਦੇ ਮਾਮਲੇ ਵਿਚ ਫ਼ਰਾਰ ਗੈਂਗਸਟਰ ਨੂੰ ਪੁਲਿਸ ਮੁਕਾਬਲੇ ਤੋਂ ਬਾਅਦ ਜ਼ਖਮੀ ਹਾਲਤ ਵਿਚ ਗਿ੍ਫ਼ਤਾਰ ਕੀਤਾ ਹੈ | ਡੀ.ਆਈ.ਜੀ ਫ਼ਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਨੇ ਸਥਾਨਕ ਫ਼ਿਰੋਜ਼ਪੁਰ ਰੋਡ 'ਤੇ ਬਾਧਾ ਟੀ-ਪੁਆਇੰਟ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਗੈਂਸਸਟਰਾਂ ਦੇ ਖ਼ਾਤਮੇ ਲਈ ਚਲਾਈ ਵਿਸ਼ੇਸ਼ ਮੁਹਿੰਮ ਦੇ ਤਹਿਤ ਪੁਲਿਸ ਸੂਚਨਾ ਮਿਲੀ ਸੀ ਕਿ ਅਪ੍ਰੈਲ 2025 ਵਿਚ ਜ਼ਿਲ੍ਹਾ ਕਚਹਿਰੀਆਂ ਫ਼ਾਜ਼ਿਲਕਾ ਦੇ ਬਾਹਰ ਤਰੀਕ ਭੁਗਤ ਕੇ ਜਾ ਰਹੇ ਇਕ ਨੌਜਵਾਨ ਦੇ ਕਤਲ ਮਾਮਲੇ ਵਿਚ ਮੁੱਖ ਸ਼ੂਟਰ ਗੈਂਗਸਟਰ ਇਸ ਇਲਾਕੇ ਵਿਚ ਆਇਆ ਹੋਇਆ ਹੈ | ਜਿਸ 'ਤੇ ਫ਼ਾਜ਼ਿਲਕਾ ਪੁਲਿਸ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਨਾਲ ਮਿਲ ਕੇ ਅਰਨੀਆਲਾ ਨੇੜੇ ਨਾਕਾਬੰਦੀ ਕੀਤੀ ਹੋਈ ਸੀ | ਜਦੋਂ ਨਾਕੇ 'ਤੇ ਪੁਲਿਸ ਪਾਰਟੀ ਨੇ ਗੈਂਗਸਟਰ ਪਿ੍ਤਪਾਲ ਸਿੰਘ ਵਾਸੀ ਅਰਨੀਆਲਾ ਜੋ ਕਿ ਕਤਲ ਦੇ ਮਾਮਲੇ ਵਿਚ ਮੁੱਖ ਸ਼ੂਟਰ ਅਤੇ ਭਗੌੜਾ ਸੀ | ਜਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਪਾਰਟੀ 'ਤੇ ਅੱਗੋਂ ਹਮਲਾ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਵੀ ਜਵਾਬੀ ਕਰਵਾਈ ਕਰਦਿਆਂ ਉਸ 'ਤੇ ਫਾਇਰਿੰਗ ਕੀਤੀ | ਜਿਸ ਦੌਰਾਨ ਉਸ ਦੇ ਗੋਡੇ 'ਤੇ ਗੋਲੀ ਲੱਗੀ | ਉਹ ਜ਼ਖ਼ਮੀ ਹੋ ਗਿਆ | ਜਿਸ ਨੂੰ ਜ਼ਖ਼ਮੀ ਹਾਲਤ ਵਿਚ ਕਾਬੂ ਕਰ ਲਿਆ | ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਫ਼ਾਜ਼ਿਲਕਾ ਇਲਾਜ਼ ਲਈ ਲਿਆਂਦਾ ਗਿਆ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਕੋਲੋਂ ਇਕ ਵਿਦੇਸ਼ੀ ਗਲੋਕ ਵੀ ਬਰਾਮਦ ਹੋਇਆ ਹੈ | ਉਨ੍ਹਾਂ ਦੱਸਿਆ ਕਿ ਗੈਂਗਸਟਰ ਪਿ੍ਤਪਾਲ ਸਿੰਘ ਨੇ ਪੁਲਿਸ ਪਾਰਟੀ 'ਤੇ 7 ਰਾਊਾਡ ਫਾਇਰ ਕੀਤੇ, ਜਦੋਂ ਕਿ ਪੁਲਿਸ ਵਲੋਂ ਜਵਾਬੀ ਕਰਵਾਈ ਦੌਰਾਨ 5 ਗੋਲੀਆਂ ਚਲਾਈਆਂ | ਉਨ੍ਹਾਂ ਦੱਸਿਆ ਕਿ ਅਪ੍ਰੈਲ 2025 ਦੌਰਾਨ ਆਪਸੀ ਦੁਸ਼ਮਣੀ ਦੇ ਸਿੱਟੇ ਵਜੋਂ ਗੈਂਗਸਟਰ ਪਿ੍ਤਪਾਲ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜ਼ਿਲ੍ਹਾ ਕਚਹਿਰੀ ਵਿਚ ਪੇਸ਼ੀ ਭੁਗਤਣ ਆਏ ਸਾਹਿਲ ਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਖ਼ਤਮ ਕਰ ਦਿੱਤਾ ਸੀ | ਇਸ ਮਾਮਲੇ ਵਿਚ ਕੁੱਝ ਦੋਸ਼ੀ ਪਹਿਲਾਂ ਹੀ ਪਕੜੇ ਜਾ ਚੁੱਕੇ ਹਨ, ਜਦੋਂ ਕਿ ਪਿ੍ਤਪਾਲ ਸਿੰਘ ਮੁੱਖ ਸ਼ੂਟਰ ਸੀ, ਜੋ ਕਿ ਭਗੌੜਾ ਸੀ, ਉਹ ਵੀ ਪੁਲਿਸ ਮੁਕਾਬਲੇ ਦੌਰਾਨ ਫੜਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੇ ਖ਼ਿਲਾਫ਼ ਪਹਿਲਾਂ ਵੀ 7 ਵੱਖ-ਵੱਖ ਮੁਕੱਦਮੇ ਦਰਜ ਹਨ, ਜਦੋਂ ਕਿ 8ਵਾਂ ਮੁਕਦਮਾ ਹੁਣ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਗੈਂਗਸਟਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਾਂਗੇ ਨਹੀਂ | ਜੋ ਵੀ ਗੈਂਗਸਟਰਾਂ ਨੂੰ ਪਨਾਹ ਦੇਵੇਗਾ, ਉਸ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿਚ ਗੈਂਗਸਟਰਾਂ ਖ਼ਿਲਾਫ਼ ਵਿਸ਼ੇਸ਼ ਨਾਕਾਬੰਦੀ ਕੀਤੀ ਜਾ ਰਹੀ ਹੈ | ਜਿਸ ਦਾ ਉਹ ਵੱਖ ਵੱਖ ਸ਼ਹਿਰਾਂ ਵਿਚ ਜਾ ਕੇ ਨਿਰੀਖਣ ਕਰ ਰਹੇ ਹਨ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਅਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ |