17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸਿੱਖਿਆ ਵਿਭਾਗ ਵਲੋਂ ਸਕੂਲਾਂ 'ਚ ਰੰਗ ਕਰਵਾਉਣ ਦੇ ਦਿੱਤੇ ਨਿਰਦੇਸ਼

ਅਜੀਤ ਡੈਸਕ 22-01-2026
ਫ਼ਾਜ਼ਿਲਕਾ, 21 ਜਨਵਰੀ (ਅਮਰਜੀਤ ਸ਼ਰਮਾ)-ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਦਫ਼ਤਰਾਂ ਵਿਚ ਬੈਠੇ-ਬੈਠੇ ਆਏ ਦਿਨ ਕੋਈ ਨਾ ਕੋਈ ਇਹੋ ਜਿਹਾ ਫ਼ਰਮਾਨ ਜਾਰੀ ਕਰ ਦਿੱਤਾ ਜਾਂਦਾ ਹੈ ਜੋ ਲੋਕਾਂ 'ਚ ਮਜ਼ਾਕ ਤਾਂ ਬਣਦਾ ਹੀ ਹੈ, ਨਾਲ ਹੀ ਉਸ ਹੁਕਮ ਨੂੰ ਲਾਗੂ ਕਰਨ ਵਿਚ ਜਿੱਥੇ ਸੂਬੇ ਦੇ ਖ਼ਜ਼ਾਨੇ ਨੂੰ ਚੂਨਾ ਲੱਗਦਾ ਹੈ, ਉੱਥੇ ਹੀ ਸਕੂਲਾਂ ਦੇ ਮੁਖੀਆਂ ਤੇ ਸਟਾਫ਼ ਨੂੰ ਵੀ ਫ਼ਾਲਤੂ ਦੇ ਉਸ ਕੰਮ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵਲੋਂ ਹੁਣ ਇਕ ਅਜਿਹਾ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਸੂਬੇ ਦੇ ਸਮੂਹ ਸਮਾਰਟ ਸਕੂਲਾਂ ਨੂੰ ਇਕ ਵਾਰ ਫਿਰ ਤੋਂ ਵਾਈਟ ਵਾਸ਼ ਅਤੇ ਪੇਂਟ ਕਰਨ ਸਬੰਧੀ ਭੇਜੇ ਗਏ ਪੱਤਰ 'ਚ ਫ਼ਰਮਾਨ ਜਾਰੀ ਕੀਤਾ ਹੈ ਕਿ ਸਕੂਲ ਦੇ ਕਮਰਿਆਂ, ਬਰਾਂਡਿਆਂ, ਕਾਰੀਡੋਰ, ਬਾਹਰਲੀਆਂ ਦੀਵਾਰਾਂ 'ਤੇ ਦੱਸੇ ਗਏ ਵੱਖ-ਵੱਖ ਰੰਗ ਕਰਵਾਏ ਜਾਣ ਅਤੇ ਪੱਤਰ 'ਚ ਲਿਖੀਆਂ ਹਦਾਇਤਾਂ ਨੂੰ ਸਕੂਲਾਂ 'ਚ ਇੰਨ ਬਿਨ ਲਾਗੂ ਕੀਤਾ ਜਾਵੇ | ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੁੱਝ ਸਕੂਲਾਂ ਵਲੋਂ ਹਾਲੇ ਕੁੱਝ ਦੇਰ ਪਹਿਲਾਂ ਹੀ ਸਕੂਲਾਂ ਅੰਦਰ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਰੰਗ ਕਰਵਾਇਆ ਗਿਆ ਸੀ | ਇਸ ਤੋਂ ਇਲਾਵਾ ਕਮਰਿਆਂ, ਬਰਾਂਡਿਆਂ ਅਤੇ ਸਕੂਲਾਂ ਦੀਆਂ ਬਾਹਰਲੀਆਂ ਦੀਵਾਰਾਂ 'ਤੇ ਰੰਗ ਕਰਕੇ ਉਨ੍ਹਾਂ ਉੱਪਰ ਅੰਗਰੇਜ਼ੀ, ਪੰਜਾਬੀ, ਸਾਇੰਸ, ਮੈਥ ਆਦਿ ਨਾਲ ਸੰਬੰਧਿਤ ਮਹੱਤਵਪੂਰਨ ਲਿਖਤਾਂ, ਚਿੱਤਰ, ਫ਼ਾਰਮੂਲੇ ਅਤੇ ਹੋਰ ਵਿਸ਼ਾ ਸਹਾਇਕ ਸਮੱਗਰੀਆਂ ਬਣਾਉਣ 'ਤੇ ਹਜ਼ਾਰਾਂ ਰੁਪਏ ਖ਼ਰਚ ਕੀਤੇ ਗਏ ਸਨ | ਪਰ ਹੁਣ ਇਕ ਵਾਰ ਫਿਰ ਤੋਂ ਸਿੱਖਿਆ ਵਿਭਾਗ ਵਲੋਂ ਦੀਵਾਰਾਂ 'ਤੇ ਰੰਗ ਕਰਵਾਉਣ ਦੇ ਦਿੱਤੇ ਨਿਰਦੇਸ਼ਾਂ ਨਾਲ ਪਹਿਲਾਂ ਤਾਂ ਪੁਰਾਣੇ ਰੰਗਾਂ ਨੂੰ ਉਤਾਰਨ ਲਈ ਵਾਧੂ ਖ਼ਰਚਾ ਕਰਨਾ ਪਵੇਗਾ ਅਤੇ ਇਸ ਤੋਂ ਬਾਅਦ ਘੱਟੋ ਘੱਟ 2, 3 ਵਾਰ ਉਸ ਜਗ੍ਹਾ 'ਤੇ ਨਵਾਂ ਰੰਗ ਕਰਨਾ ਪਵੇਗਾ | ਇੱਥੇ ਇਹ ਵੀ ਦੱਸਣਯੋਗ ਹੈ ਕਿ ਪਹਿਲਾ ਵਿਭਾਗ ਵਲੋਂ 9 ਜਨਵਰੀ 2026 ਨੂੰ ਭੇਜੇ ਗਏ ਪੱਤਰ 'ਚ ਇਕ ਵਿਸ਼ੇਸ਼ ਕੰਪਨੀ ਦਾ ਰੰਗ ਕਰਵਾਉਣ ਲਈ ਨਿਰਦੇਸ਼ ਦਿੱਤੇ ਗਏ ਸਨ, ਪਰ ਜਦ ਇਸ ਦੀ ਨੁਕਤਾਚੀਨੀ ਹੋਣ ਲੱਗ ਪਈ ਤਾਂ ਉਕਤ ਪੱਤਰ ਦੀ ਸਫ਼ਾਈ ਦਿੰਦੇ ਹੋਏ 14 ਜਨਵਰੀ 2026 ਨੂੰ ਇਕ ਹੋਰ ਪੱਤਰ ਜਾਰੀ ਕਰਕੇ ਲਿਖਿਆ ਗਿਆ ਕਿ ਉਕਤ ਪੱਤਰ ਵਿਚ ਦਰਸਾਏ ਰੰਗਕੋਡ ਨੂੰ ਆਧਾਰ ਮੰਨ ਕੇ ਕਿਸੇ ਵੀ ਵਧੀਆ ਕੁਆਲਿਟੀ ਦੇ ਬਰਾਂਡ ਦੇ ਰੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ | ਸਕੂਲ ਮੁਖੀਆਂ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਪ੍ਰੀਖਿਆਵਾਂ ਸਿਰ 'ਤੇ ਹਨ ਅਤੇ ਨਾਲ ਸਰਦੀ ਦੇ ਦਿਨਾਂ 'ਚ ਸਕੂਲਾਂ ਵਿਚ ਰੰਗ ਕਰਵਾਉਣ ਦਾ ਫ਼ੈਸਲਾ ਠੀਕ ਨਹੀਂ ਹੈ ਅਤੇ ਨਾਲ ਹੀ ਜਿਨ੍ਹਾਂ ਸਕੂਲਾਂ ਦੀਆਂ ਬਿਲਡਿੰਗਾਂ 'ਚ ਰੰਗ ਜਾ ਵਾਈਟ ਵਾਸ਼ ਕਰਵਾਉਣ ਦੀ ਜ਼ਰੂਰਤ ਹੈ, ਉੱਥੇੇ ਹੀ ਕਰਵਾਇਆ ਜਾਣਾ ਚਾਹੀਦਾ ਹੈ |
ਪਿਛਲੀ ਖ਼ਬਰ ਬੀ.ਐਸ.ਐਫ. ਦੇ ਬੈਂਡ ਨੇ ਨਾਗਰਿਕਾਂ ਨੂੰ ਦੇਸ਼ ਭਗਤੀ ਦਾ ਦਿੱਤਾ ਸੁਨੇਹਾ ਅਗਲੀ ਖ਼ਬਰ ਵਣ-ਵਿਭਾਗ ਨੇ ਜੰਗਲੀ ਸੂਰਾਂ ਨਾਲ ਹੁੰਦੇ ਨੁਕਸਾਨ ਦੇ ਮੁਆਵਜ਼ੇ ਲਈ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।