16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸੂਬਾ ਪੱਧਰੀ ਪ੍ਰਦਰਸ਼ਨੀ ਲਈ ਚੁਣੇ ਸੋਲਰ ਵਾਹਨ ਦੀਆਂ ਬੈਟਰੀਆਂ ਚੋਰੀ, ਵਾਹਨ ਵੀ ਤੋੜਿਆ

ਪਠਾਨਕੋਟ, 15 ਸਤੰਬਰ (ਸੰਧੂ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਬਿਜ਼ਨਸ ਬਲਾਸਟਰ ਪ੍ਰੋਜੈਕਟ ਤਹਿਤ ਐਸ. ਓ.

ਥਾਣਾ ਡਵੀਜ਼ਨ ਨੰਬਰ-2 ਪਠਾਨਕੋਟ ਵਿਖੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਵੋਕੇਸ਼ਨਲ ਅਧਿਆਪਕ ਲਲਿਤ ਮੋਹਨ । ਤਸਵੀਰ: ਸੰਧੂ 16-09-2026
ਪਠਾਨਕੋਟ, 15 ਸਤੰਬਰ (ਸੰਧੂ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਬਿਜ਼ਨਸ ਬਲਾਸਟਰ ਪ੍ਰੋਜੈਕਟ ਤਹਿਤ ਐਸ.ਓ.ਈ. ਸਕੂਲ ਲਮੀਨੀ ਪਠਾਨਕੋਟ ਦੇ ਵੋਕੇਸ਼ਨਲ ਅਧਿਆਪਕ ਲਲਿਤ ਮੋਹਨ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਈ ਸੋਲਰ ਸਿਸਟਮ ਨਾਲ ਚੱਲਣ ਵਾਲੇ ਵਾਹਨ ਦੀਆਂ ਬੈਟਰੀਆਂ ਚੋਰੀ ਹੋਣ ਤੇ ਵਾਹਨ ਨੂੰ ਨੁਕਸਾਨ ਪਹੁੰਚਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਵੋਕੇਸ਼ਨਲ ਅਧਿਆਪਕ ਲਲਿਤ ਮੋਹਨ ਵਲੋਂ ਥਾਣਾ ਡਵੀਜ਼ਨ ਨੰਬਰ-2 ਵਿਖੇ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ । ਜਾਣਕਾਰੀ ਦਿੰਦਿਆਂ ਲਲਿਤ ਮੋਹਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਬਿਜ਼ਨਸ ਬਲਾਸਟਰ ਪ੍ਰੋਜੈਕਟ ਤਹਿਤ ਉਨ੍ਹਾਂ ਤੇ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਇਸ ਪ੍ਰੋਜੈਕਟ ਦੀ ਚੋਣ ਚੰਡੀਗੜ੍ਹ ਵਿਖੇ ਹੋਣ ਵਾਲੀ ਸੂਬਾ ਪੱਧਰੀ ਪ੍ਰਦਰਸ਼ਨੀ ਲਈ ਹੋਈ ਸੀ । ਇਸ ਕਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਭਾਰੀ ਉਤਸ਼ਾਹ ਸੀ । ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਕਰੀਬ 50 ਹਜ਼ਾਰ ਰੁਪਏ ਦੀ ਲਾਗਤ ਨਾਲ ਸੋਲਰ ਸਿਸਟਮ ਨਾਲ ਚੱਲਣ ਵਾਲਾ ਵਾਹਨ ਤਿਆਰ ਕੀਤਾ ਸੀ । ਇਸ ਵਾਹਨ ਨੂੰ 14 ਸਤੰਬਰ ਨੂੰ ਪੂਰਾ ਅੰਤਿਮ ਰੂਪ ਦਿੱਤਾ ਗਿਆ ਸੀ । ਅੰਤਿਮ ਰੂਪ ਦੇਣ ਤੋਂ ਬਾਅਦ ਵਾਹਨ ਨੂੰ ਸੈਣੀ ਮੁਹੱਲਾ ਸਥਿਤ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹਾ ਕੀਤਾ ਗਿਆ ਸੀ । ਇਸ ਦੀ ਅੱਜ ਸਕੂਲ ਵਿਖੇ ਪ੍ਰਦਰਸ਼ਨੀ ਵੀ ਕੀਤੀ ਜਾਣੀ ਸੀ ਤੇ ਇਸ ਤੋਂ ਬਾਅਦ ਇਸ ਨੂੰ ਸੂਬਾ ਪੱਧਰੀ ਪ੍ਰਦਰਸ਼ਨੀ ਵਿਚ ਪੇਸ਼ ਕੀਤਾ ਜਾਣਾ ਸੀ । ਲਲਿਤ ਮੋਹਨ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਤੋਂ ਬਾਅਦ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ । ਵਾਹਨ ’ਚ ਲੱਗੀਆਂ ਐਕਸਾਈਡ ਕੰਪਨੀ ਦੀਆਂ ਬੈਟਰੀਆਂ ਚੋਰੀ ਕਰ ਲਈਆਂ ਗਈਆਂ, ਜਦਕਿ ਵਾਹਨ ਦੀ ਚੈਸੀ ਸਮੇਤ ਹੋਰ ਹਿੱਸਿਆਂ ਨੂੰ ਵੀ ਤੋੜ ਕੇ ਨੁਕਸਾਨ ਪਹੁੰਚਾਇਆ ਗਿਆ । ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਵਲੋਂ ਰਾਤ ਦੇ ਹਨੇਰੇ ਵਿਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਕਈ ਦਿਨਾਂ ਦੀ ਮਿਹਨਤ ਤੇ ਲਗਭਗ 50 ਹਜ਼ਾਰ ਰੁਪਏ ਦੀ ਲਾਗਤ ਨਾਲ ਇਹ ਸੋਲਰ ਵਾਹਨ ਤਿਆਰ ਕੀਤਾ ਸੀ । ਪ੍ਰੋਜੈਕਟ ਦੀ ਸੂਬਾ ਪੱਧਰੀ ਪ੍ਰਦਰਸ਼ਨੀ ਲਈ ਚੋਣ ਹੋਣ ਕਾਰਨ ਵਿਦਿਆਰਥੀਆਂ ਵਿਚ ਬਹੁਤ ਉਤਸ਼ਾਹ ਸੀ, ਪਰ ਚੋਰੀ ਤੇ ਵਾਹਨ ਨੂੰ ਨੁਕਸਾਨ ਪਹੁੰਚਾਏ ਜਾਣ ਦੀ ਘਟਨਾ ਨਾਲ ਉਨ੍ਹਾਂ ਅਤੇ ਵਿਦਿਆਰਥੀਆਂ ਦੇ ਮਨੋਬਲ ਨੂੰ ਡੂੰਘੀ ਸੱਟ ਵੱਜੀ ਹੈ ਤੇ ਉਹ ਸਦਮੇ ਵਿਚ ਹਨ । ਲਲਿਤ ਮੋਹਨ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਡਵੀਜ਼ਨ ਨੰਬਰ-2 ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ । ਪੁਲਿਸ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਅਗਲੇਰੀ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ ।
ਪਿਛਲੀ ਖ਼ਬਰ ਆਟੋ ਰਿਕਸ਼ਾ ਸਵਾਰ ਯਾਤਰੀ ਨਾਲ ਲੁੱਟ-ਖੋਹ ਕਰਨ ਵਾਲਾ ਪੁਲਿਸ ਅੜਿੱਕੇ ਅਗਲੀ ਖ਼ਬਰ ਸਿਆਸੀ ਮੁਫ਼ਤਖੋਰੀ ਦੇਸ਼ ਦੀ ਆਰਥਿਕਤਾ ਲਈ ਵੱਡੀ ਚੁਣੌਤੀ-ਪ੍ਰੋ: ਮਨੋਜ ਗੁਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।