ਗੁਰਦਾਸਪੁਰ, 6 ਸਤੰਬਰ (ਚੱਕਰਾਜਾ)-ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ। ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ ਤੇ ਆਦਰਸ਼ਾਂ ’ਤੇ ਆਧਾਰਿਤ ਭਾਸ਼ਣ ਤੇ ਰਾਸ ਲੀਲਾ ’ਤੇ ਆਧਾਰਿਤ ਮਨਮੋਹਕ ਨਾਚ ਪੇਸ਼ ਕੀਤਾ, ਜਿਸ ਨੇ ਮਾਹੌਲ ਨੂੰ ਸ਼ਰਧਾ ਨਾਲ ਭਰ ਦਿੱਤਾ। ਇਸ ਮੌਕੇ ਪ੍ਰਿੰਸੀਪਲ ਰਾਜੀਵ ਭਾਰਤੀ ਨੇ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ, ਸਿੱਖਿਆਵਾਂ ਤੇ ਕ੍ਰਿਸ਼ਨ ਚੇਤਨਾ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸ਼੍ਰੀ ਕ੍ਰਿਸ਼ਨ ਦਾ ਜੀਵਨ ਸਾਨੂੰ ਕਰਮ, ਪਿਆਰ, ਸੱਚ, ਧਰਮ ਅਤੇ ਕਰਤੱਵ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਭਾਰਤੀ ਸੱਭਿਆਚਾਰ, ਅਧਿਆਤਮਿਕ ਕਦਰਾਂ-ਕੀਮਤਾਂ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜੀਵਨ ਦਰਸ਼ਨ ਨਾਲ ਜੋੜਨਾ ਸੀ। ਪੂਰਾ ਸਕੂਲ ਕੈਂਪਸ ਕ੍ਰਿਸ਼ਨ ਪ੍ਰਤੀ ਸ਼ਰਧਾ ਅਤੇ ਖੁਸ਼ੀ ਨਾਲ ਭਰਿਆ ਹੋਇਆ ਸੀ ।