ਗੁਰਦਾਸਪੁਰ, 7 ਮਈ (ਗੁਰਪ੍ਰਤਾਪ ਸਿੰਘ)-ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਅਸਿਸਟੈਂਟ ਕਮਿਸ਼ਨਰ ਫੂਡ ਡਾ: ਜੀ.ਐਸ ਪੰਨੂ ਦੀ ਅਗਵਾਈ ਹੇਠ ਖੇਤਰ ਵਿਚ ਵੱਖ-ਵੱਖ ਥਾਵਾਂ 'ਤੇ ਦੁੱਧ ਵੇਚਣ ਵਾਲਿਆਂ ਦੀ ਚੈਕਿੰਗ ਕਰਕੇ ਸੈਂਪਲ ਭਰੇ ਗਏ | ਇਸ ਸਬੰਧੀ ਸਹਾਇਕ ਕਮਿਸ਼ਨਰ ਫੂਡ ਡਾ: ਜੀ.ਐਸ ਪੰਨੂ ਨੇ ਦੱਸਿਆ ਕਿ ਲੋਕਾਂ ਨੂੰ ਮਿਆਰੀ ਖਾਦ ਪਦਾਰਥ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕੀਤੀ ਜਾ ਰਹੀ ਹੈ | ਲੋਕਾਂ ਨੂੰ ਵਧੀਆ ਕੁਆਲਿਟੀ ਦਾ ਦੁੱਧ ਮਿਲੇ, ਇਸ ਉਦੇਸ਼ ਨਾਲ ਫੂਡ ਸੇਫ਼ਟੀ ਅਫਸਰ ਰੇਖਾ ਸ਼ਰਮਾ ਦੇ ਨਾਲ ਖੇਤਰ 'ਚ ਦੁੱਧ ਵੇਚਣ ਵਾਲੇ ਦੋਧੀਆਂ ਦੀ ਚੈਕਿੰਗ ਕੀਤੀ ਗਈ ਤੇ ਦੁੱਧ ਦੀ ਸੈਂਪਲਿੰਗ ਕੀਤੀ ਗਈ ਹੈ | ਦੁੱਧ ਦੇ ਕਰੀਬ 5 ਸੈਂਪਲ ਭਰੇ ਗਏ ਹਨ, ਜਿਨ੍ਹਾਂ ਨੂੰ ਚੈਕਿੰਗ ਲਈ ਲੈਬਾਰਟਰੀ ਵਿਖੇ ਭੇਜ ਦਿੱਤਾ ਗਿਆ ਹੈ | ਰਿਪੋਰਟ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ |