ਨਵੀਂ ਦਿੱਲੀ, 11 ਨਵੰਬਰ (ਪੀ. ਟੀ. ਆਈ.)-ਭਾਰਤ ਸਰਕਾਰ ਨੇ ਦੇਸ਼ ਵਿਚ ਬੈਟਰੀਆਂ ਦੀ ਰੀਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਤੇ ਅਹਿਮ ਖਣਿਜਾਂ ਦੀ ਘਰੇਲੂ ਪੱਧਰ ’ਤੇ ਪ੍ਰਾਪਤੀ ਵਧਾਉਣ ਲਈ ਲਿਥੀਅਮ-ਆਇਨ ਬੈਟਰੀਆਂ ਦੇ ‘ਬਲੈਕ ਮਾਸ’ ਦੀ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ ਹੈ । ਵਿਦੇਸ਼ ਵਪਾਰ ਮਹਾਨਿਰਦੇਸ਼ਾਲਾ ਵਲੋਂ 10 ਨਵੰਬਰ ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ ।
ਬਲੈਕ ਮਾਸ ਪੁਰਾਣੀਆਂ ਲਿਥੀਅਮ-ਆਇਨ ਬੈਟਰੀਆਂ ਤੇ ਬੈਟਰੀ ਨਿਰਮਾਣ ਦੌਰਾਨ ਨਿਕਲਣ ਵਾਲੇ ਕਚਰੇ ਨੂੰ ਕੱਟਣ ਤੋਂ ਬਾਅਦ ਪ੍ਰਾਪਤ ਹੋਣ ਵਾਲਾ ਕਾਲੇ ਰੰਗ ਦਾ ਪਾਊਡਰ ਹੁੰਦਾ ਹੈ । ਇਸ ਵਿਚੋਂ ਲਿਥੀਅਮ, ਕੋਬਾਲਟ, ਨਿੱਕਲ ਅਤੇ ਮੈਂਗਨੀਜ਼ ਵਰਗੇ ਕੀਮਤੀ ਖਣਿਜ ਪ੍ਰਾਪਤ ਕੀਤੇ ਜਾ ਸਕਦੇ ਹਨ । ਵਣਜ ਮੰਤਰਾਲੇ ਅਨੁਸਾਰ, ਭਾਰਤ ਵਿਚ ਬੈਟਰੀ ਕਚਰੇ ਦੀ ਰੀਸਾਈਕਲਿੰਗ ਤੇ ਖਣਿਜਾਂ ਦੀ ਪ੍ਰੋਸੈਸਿੰਗ ਸਮਰਥਾ ਵਧੀ ਹੈ, ਪਰ ਕੱਚੇ ਮਾਲ ਦੀ ਘਾਟ ਕਾਰਨ ਇਸਦੀ ਪੂਰੀ ਵਰਤੋਂ ਨਹੀਂ ਹੋ ਰਹੀ ।
ਇਸ ਪਾਬੰਦੀ ਨਾਲ ਘਰੇਲੂ ਰੀਸਾਈਕਲਿੰਗ ਉਦਯੋਗਾਂ ਨੂੰ ਕੱਚਾ ਮਾਲ ਮਿਲੇਗਾ, ਨਿਵੇਸ਼ ਤੇ ਰੁਜ਼ਗਾਰ ਵਧੇਗਾ ਤੇ ਖਣਿਜਾਂ ਦੀ ਦਰਾਮਦ ’ਤੇ ਨਿਰਭਰਤਾ ਘਟੇਗੀ । ਇਹ ਕਦਮ ਇਲੈਕਟ੍ਰਿਕ ਵਾਹਨਾਂ, ਬੈਟਰੀ ਨਿਰਮਾਣ ਤੇ ਸਾਫ਼ ਊਰਜਾ ਖੇਤਰ ਨੂੰ ਵੀ ਮਜ਼ਬੂਤੀ ਦੇਵੇਗਾ ।