ਪਠਾਨਕੋਟ 7 ਮਈ (ਵਿਨੋਦ)-ਕਾਂਗਰਸ ਹਾਈਕਮਾਂਡ ਨੇ ਅੰਮਿ੍ਤਸਰ ਉੱਤਰੀ ਅਤੇ ਪੂਰਬੀ ਲਈ ਸੰਗਠਨ ਅਬਜ਼ਰਵਰ ਵਿਨੈ ਮਹਾਜਨ ਨੂੰ ਇਕ ਹੋਰ ਵੱਡੀ ਜ਼ਿੰਮੇਵਾਰੀ ਸੌਂਪੀ ਹੈ | ਉਨ੍ਹਾਂ ਨੂੰ ਧਾਰੀਵਾਲ ਨਗਰ ਕੌਂਸਲ ਚੋਣਾਂ ਵਿਚ ਟਿਕਟ ਵੰਡ ਲਈ ਅਧਿਕਾਰਤ ਤੌਰ 'ਤੇ ਨਿਗਰਾਨ ਨਿਯੁਕਤ ਕੀਤਾ ਗਿਆ ਹੈ | ਇਸ ਮਹੱਤਵਪੂਰਨ ਨਿਯੁਕਤੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਨੈ ਮਹਾਜਨ ਨੇ ਕਾਂਗਰਸ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਗਠਨ ਜਨਰਲ ਸਕੱਤਰ ਸੰਦੀਪ ਸਿੰਘ ਸੰਧੂ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਇਸ ਅਹੁਦੇ ਦੇ ਯੋਗ ਸਮਝਦੀ ਹੈ ਅਤੇ ਉਹ ਉਨ੍ਹਾਂ ਵਿਚ ਦਿੱਤੇ ਗਏ ਭਰੋਸੇ ਨੂੰ ਪੂਰੀ ਵਫ਼ਾਦਾਰੀ ਨਾਲ ਪੂਰਾ ਕਰਨਗੇ | ਉਨ੍ਹਾਂ ਭਰੋਸਾ ਦਿੱਤਾ ਕਿ ਧਾਰੀਵਾਲ ਵਿਚ ਟਿਕਟ ਵੰਡ ਪਾਰਟੀ ਵਰਕਰਾਂ ਦੀਆਂ ਯੋਗਤਾਵਾਂ ਅਤੇ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਜਾਵੇਗੀ | ਜਿਸ ਨਾਲ ਪਾਰਟੀ ਲਈ ਭਾਰੀ ਜਿੱਤ ਯਕੀਨੀ ਬਣਾਈ ਜਾਵੇਗੀ | ਇਸ ਤੋਂ ਪਹਿਲਾਂ ਵਿਨੈ ਮਹਾਜਨ ਨੇ ਸ੍ਰੀ ਹਰਗੋਬਿੰਦਪੁਰ ਵਿਧਾਨ ਸਭਾ ਹਲਕੇ ਤੋਂ ਬਲਾਕ ਕਮੇਟੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਨਿਗਰਾਨ ਵਜੋਂ ਸੇਵਾ ਨਿਭਾਈ ਸੀ |