ਘਰੋਟਾ, 7 ਮਈ (ਸੰਜੀਵ ਗੁਪਤਾ)-ਅਜ਼ੀਜ਼ਪੁਰ ਖ਼ੁਰਦ ਤੋਂ ਨੌਰੰਗਪੁਰ ਫੋਕਲ ਪੁਆਇੰਟ, ਸਿੰਬਲੀ ਅਤੇ ਨੌਸ਼ਹਿਰਾ ਐਮਾ ਨੂੰ ਜੋੜਨ ਵਾਲੀ ਨਿਰਮਾਣ ਅਧੀਨ ਸੰਪਰਕ ਸੜਕ ਨੂੰ 10 ਫੁੱਟ ਦੀ ਥਾਂ 16 ਫੁੱਟ ਤੱਕ ਅੱਪਗ੍ਰੇਡ ਕਰਨ ਦੀ ਮੰਗ ਨੂੰ ਲੈ ਕੇ ਇਲਾਕੇ ਦੇ ਲੋਕਾਂ ਵਲੋਂ ਵੱਡਾ ਅਭਿਆਨ ਚਲਾਇਆ ਜਾ ਰਿਹਾ ਹੈ | ਇਸੇ ਕੜੀ ਤਹਿਤ ਇਕ ਵਫ਼ਦ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਅਤੇ ਸੜਕ ਨੂੰ ਚੌੜਾ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ | ਮੰਗ ਪੱਤਰ ਸੌਂਪਦੇ ਹੋਏ ਨੌਸ਼ਹਿਰਾ ਨਲਬੰਦਾ ਪੰਚਾਇਤ ਦੇ ਸਰਪੰਚ ਸੁਖਜਿੰਦਰ ਸਿੰਘ, ਕੰਸ ਰਾਜ ਸੈਣੀ, ਅਸ਼ਵਨੀ ਕੁਮਾਰ ਅਤੇ ਹੋਰ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਅਜੀਜਪੁਰ, ਨੌਰੰਗਪੁਰ, ਸਿੰਬਲੀ ਅਤੇ ਨੌਸ਼ਹਿਰਾ ਐਮਾ ਨੂੰ ਜੋੜਨ ਵਾਲਾ ਇਹ ਮਾਰਗ ਇਲਾਕੇ ਦੀ 'ਲਾਈਫ ਲਾਈਨ' ਹੈ | ਇਹ ਸੜਕ ਨਵੇਂ ਚੱਕੀ ਪੁਲ, ਸਿੰਬਲੀ, ਤਲਵਾੜਾ ਜੱਟਾਂ, ਫੋਕਲ ਪੁਆਇੰਟ ਦਾਣਾ ਮੰਡੀ, ਘਰੋਟਾ, ਪਠਾਨਕੋਟ, ਨੈਸ਼ਨਲ ਹਾਈਵੇ ਅਤੇ ਹਵਾਈ ਅੱਡੇ ਸਮੇਤ ਦਰਜਨਾਂ ਪਿੰਡਾਂ ਤੇ ਮਹੱਤਵਪੂਰਨ ਥਾਵਾਂ ਨੂੰ ਆਪਸ ਵਿਚ ਜੋੜਦੀ ਹੈ | ਉਨ੍ਹਾਂ ਦੱਸਿਆ ਕਿ ਲੰਮੇ ਸਮੇਂ ਤੋਂ ਇਹ ਸੜਕ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਰਹੀ ਹੈ | ਇਸ ਵੇਲੇ ਬਣ ਰਹੀ 10 ਫੁੱਟ ਚੌੜੀ ਸੜਕ ਇਲਾਕੇ ਦੀ ਵੱਧ ਰਹੀ ਆਬਾਦੀ ਅਤੇ ਭਾਰੀ ਟ੍ਰੈਫਿਕ ਦੇ ਮੁਕਾਬਲੇ ਬਹੁਤ ਘੱਟ ਹੈ | ਤੰਗ ਸੜਕ ਕਾਰਨ ਰੋਜ਼ਾਨਾ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ ਅਤੇ ਲੋਕਾਂ ਨੂੰ ਆਵਾਜਾਈ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਲਾਕਾ ਵਾਸੀਆਂ ਨੇ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਮੰਡੀਆਂ ਤੱਕ ਲਿਜਾਣ, ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਅਤੇ ਲੋਕਾਂ ਨੂੰ ਬਲਾਕ ਦਫ਼ਤਰਾਂ, ਸ਼ਹਿਰਾਂ ਅਤੇ ਹੋਰ ਸਰਕਾਰੀ ਸੰਸਥਾਵਾਂ ਤੱਕ ਜਾਣ ਵਿਚ ਕਾਫੀ ਦਿੱਕਤਾਂ ਆ ਰਹੀਆਂ ਹਨ | ਜੇਕਰ ਇਸ ਸੜਕ ਨੂੰ 16 ਫੁੱਟ ਤੱਕ ਅੱਪਗ੍ਰੇਡ ਕੀਤਾ ਜਾਂਦਾ ਹੈ, ਤਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਟ੍ਰੈਫਿਕ ਸਮੱਸਿਆ ਦਾ ਵੀ ਹੱਲ ਹੋਵੇਗਾ | ਸ਼ਿਸ਼ਟ ਮੰਡਲ ਨੇ ਮੰਗ ਕੀਤੀ ਕਿ ਜਿਵੇਂ ਇਲਾਕੇ ਦੀਆਂ ਹੋਰ ਸੜਕਾਂ ਨੂੰ ਅੱਪਗ੍ਰੇਡ ਕੀਤਾ ਗਿਆ ਹੈ, ਉਸੇ ਤਰ੍ਹਾਂ ਇਸ ਮਹੱਤਵਪੂਰਨ ਸੰਪਰਕ ਸੜਕ ਨੂੰ ਵੀ ਤੁਰੰਤ ਚੌੜਾ ਕਰਕੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਆ ਰਹੀ ਮੰਗ ਪੂਰੀ ਕੀਤੀ ਜਾਵੇ | ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਲੋਕਾਂ ਦੀ ਮੰਗ ਧਿਆਨ ਨਾਲ ਸੁਣੀ ਅਤੇ ਭਰੋਸਾ ਦਿੱਤਾ ਕਿ ਮਾਮਲੇ ਨੂੰ ਸਰਕਾਰ ਦੇ ਧਿਆਨ ਵਿਚ ਲਿਆ ਕੇ ਯੋਗ ਕਾਰਵਾਈ ਕੀਤੀ ਜਾਵੇਗੀ |