ਬਟਾਲਾ/ਗੁਰਦਾਸਪੁਰ, 7 ਮਈ (ਸਤਿੰਦਰ ਸਿੰਘ, ਚੱਕਰਾਜਾ)-ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋਂ ਸਾਲ 2026-27 ਦੇ ਸ਼ੈਸਨ ਦੌਰਾਨ ਜ਼ਿਲ੍ਹਾ/ਸਬ-ਸੈਂਟਰ ਸਕੂਲ ਆਫ਼ ਐਕਸੀਲੈਂਸ (ਰੈਜੀਡੈਂਸੀਅਲ) ਵਿਚ ਅੰਡਰ-14, 17 ਅਤੇ 19 ਸਾਲ ਦੇ ਹੋਣਹਾਰ ਖਿਡਾਰੀਆਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ 9 ਤੇ 10 ਮਈ ਨੂੰ ਹਾਕੀ (ਲੜਕੇ) ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਇਹ ਟਰਾਇਲ ਰਾਇਲ ਹਾਕੀ ਅਕੈਡਮੀ ਨੇੜੇ ਗੁਰਦੁਆਰਾ ਅੱਚਲ ਸਾਹਿਬ, ਬਟਾਲਾ ਵਿਖੇ ਕਰਵਾਏ ਜਾਣਗੇ | ਇਸ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਸਿਮਰਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿਚ ਉਹ ਖਿਡਾਰੀ ਟਰਾਇਲ ਦੇ ਸਕਦੇ ਹਨ, ਜਿਨ੍ਹਾਂ ਵਲੋਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਪਹਿਲੇ 3 ਸਥਾਨਾਂ ਵਿਚੋਂ ਕੋਈ ਇਕ ਸਥਾਨ ਪ੍ਰਾਪਤ ਕੀਤਾ ਹੋਵੇ ਜਾਂ ਉਸ ਵਲੋਂ ਸੂਬਾ ਪੱਧਰ ਮੁਕਾਬਲੇ ਵਿਚ ਹਿੱਸਾ ਲਿਆ ਹੋਵੇ | ਇਸ ਤੋਂ ਇਲਾਵਾ ਟਰਾਇਲਾਂ ਦੇ ਆਧਾਰ 'ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਟਰਾਇਲਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀ ਆਪਣੀ ਖੇਡ ਅਨੁਸਾਰ ਟਰਾਇਲ ਵਾਲੇ ਸਥਾਨ 'ਤੇ ਸਵੇਰੇ 8:00 ਵਜੇ ਰਜਿਸਟ੍ਰੇਸ਼ਨ ਲਈ ਆਪਣੇ ਜਨਮ, ਆਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫੀਕੇਟ ਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ 2 ਤਾਜ਼ਾ ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਪਹੁੰਚਣ | ਉਨ੍ਹਾਂ ਦੱਸਿਆ ਕਿ ਖੇਡ ਵਿੰਗ ਲਈ ਖਿਡਾਰੀ ਦਾ ਜਨਮ ਅੰਡਰ-14 ਲਈ 1 ਜਨਵਰੀ 2013, ਅੰਡਰ-17 ਲਈ 1 ਜਨਵਰੀ 2010 ਅਤੇ ਅੰਡਰ-19 ਲਈ 1 ਜਨਵਰੀ 2008 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ |