ਪਠਾਨਕੋਟ, 14 ਅਪ੍ਰੈਲ (ਸੰਧੂ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਹਰਜਿੰਦਰ ਸਿੰਘ ਖ਼ਾਲਸਾ ਜੋ ਅੱਜ ਸਵੇਰੇ ਬਰੇਨ ਹੈਮਰੇਜ ਹੋਣ ਨਾਲ ਅਕਾਲ ਚਲਾਣਾ ਕਰ ਗਏ, ਜਿਸ ਨਾਲ ਅਕਾਲੀ ਦਲ ਦੇ ਨਾਲ-ਨਾਲ, ਜ਼ਿਲ੍ਹਾ ਪਠਾਨਕੋਟ ਤੇ ਪਰਿਵਾਰ ਅੰਦਰ ਸੋਗ ਦੀ ਲਹਿਰ ਛਾ ਗਈ | ਜਾਣਕਾਰੀ ਦਿੰਦੇ ਹੋਏ ਸਵ: ਹਰਜਿੰਦਰ ਸਿੰਘ ਖ਼ਾਲਸਾ ਦੇ ਕੁੜਮ ਐਡਵੋਕੇਟ ਕੁਲਦੀਪ ਸਿੰਘ ਗੁੰਨਾ ਅਤੇ ਜਵਾਈ ਪ੍ਰਦੀਪ ਸਿੰਘ ਗੁੰਨਾ ਨੇ ਦੱਸਿਆ ਕਿ ਸਵ: ਜਥੇਦਾਰ ਹਰਜਿੰਦਰ ਸਿੰਘ ਖ਼ਾਲਸਾ ਅੱਜ ਸਵੇਰੇ ਘਰ ਤੋਂ ਆਪਣੇ ਦੋ ਪਹੀਆ ਵਾਹਨ 'ਤੇ ਇਤਿਹਾਸਿਕ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਹੇ ਸਨ ਤੇ ਜਿਵੇਂ ਹੀ ਉਹ ਮਲਕਪੁਰ ਚੌਕ ਦੇ ਨੇੜੇ ਪਹੁੰਚਣ ਲੱਗੇ ਤਾਂ ਅਚਾਨਕ ਉਨ੍ਹਾਂ ਨੂੰ ਬਰੇਨ ਹੈਮਰੇਜ ਦਾ ਅਟੈਕ ਹੋ ਗਿਆ ਤੇ ਵਾਹਨ ਸਮੇਤ ਉਹ ਹੇਠਾਂ ਡਿਗ ਗਏ | ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਜਥੇਦਾਰ ਹਰਜਿੰਦਰ ਸਿੰਘ ਖ਼ਾਲਸਾ ਦੇ ਦੋ ਸਪੁੱਤਰ ਕੈਨੇਡਾ ਰਹਿੰਦੇ ਹਨ ਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅੰਤਿਮ ਸਸਕਾਰ ਬਾਰੇ ਦੱਸਿਆ ਜਾਵੇਗਾ |