ਨਰੋਟ ਜੈਮਲ ਸਿੰਘ, 14 ਅਪ੍ਰੈਲ (ਸ਼ਸ਼ੀ ਕੁਮਾਰ)-ਸੇਂਟ ਐਂਡਰਿਊਜ਼ ਕਾਨਵੈਂਟ ਸਕੂਲ ਪੰਮਾ ਵਿਖੇ ਵਿਸਾਖੀ ਦਾ ਪਵਿੱਤਰ ਤਿਉਹਾਰ ਡਾਇਰੈਕਟਰ ਰਮੇਸ਼ ਸੈਣੀ ਦੀ ਦੇਖ-ਰੇਖ ਹੇਠ ਉਤਸ਼ਾਹ ਨਾਲ ਮਨਾਇਆ ਗਿਆ | ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਰਮੇਸ਼ ਸੈਣੀ ਨੇ ਦੱਸਿਆ ਕਿ ਸਕੂਲ ਦੇ ਸਟਾਫ਼ ਵਲੋਂ ਬੱਚਿਆਂ ਨੂੰ ਕਰਵਾਈ ਗਈ ਮਿਹਨਤ ਨਾਲ ਪੂਰਾ ਸਕੂਲ ਰੰਗ-ਬਿਰੰਗੀਆਂ ਸਜਾਵਟਾਂ, ਖ਼ੁਸ਼ੀ ਅਤੇ ਸੱਭਿਆਚਾਰਕ ਮਾਹੌਲ ਨਾਲ ਭਰਿਆ ਹੋਇਆ ਸੀ | ਵਿਸਾਖੀ ਦਾ ਤਿਉਹਾਰ ਖ਼ਾਸ ਤੌਰ 'ਤੇ ਪੰਜਾਬ ਅਤੇ ਪੂਰੇ ਭਾਰਤ ਵਿਚ ਵਾਢੀ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ | ਇਹ ਦਿਨ ਕਿਸਾਨਾਂ ਲਈ ਨਵੀਂ ਫ਼ਸਲ ਦੀ ਖ਼ੁਸ਼ੀ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਵਿਚ ਵੀ ਇਸ ਦਾ ਵਿਸ਼ੇਸ਼ ਮਹੱਤਵ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਇਸ ਦਿਨ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ | ਇਹ ਤਿਉਹਾਰ ਸਾਨੂੰ ਏਕਤਾ, ਹਿੰਮਤ ਅਤੇ ਨਵੀਂ ਸ਼ੁਰੂਆਤ ਦਾ ਸੰਦੇਸ਼ ਦਿੰਦਾ ਹੈ | ਡਾਇਰੈਕਟਰ ਰਮੇਸ਼ ਸੈਣੀ ਨੇ ਕਿਹਾ ਕਿ ਵਿਦਿਆਰਥੀਆਂ ਨੇ ਸਕੂਲ ਦੇ ਸਮਾਗਮਾਂ 'ਚ ਉਤਸ਼ਾਹ ਨਾਲ ਹਿੱਸਾ ਲਿਆ | ਬੱਚਿਆਂ ਨੇ ਨਾਚ, ਗਾਇਨ, ਕਵਿਤਾ ਪਾਠ ਅਤੇ ਨਾਟਕ ਪ੍ਰਦਰਸ਼ਨਾਂ ਰਾਹੀਂ ਵਿਸਾਖੀ ਦੀ ਮਹੱਤਤਾ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ | ਉਨ੍ਹਾਂ ਦੇ ਮਨਮੋਹਕ ਪ੍ਰਦਰਸ਼ਨਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ | ਰਵਾਇਤੀ ਪੁਸ਼ਾਕਾਂ ਵਿਚ ਸਜੇ ਛੋਟੇ ਬੱਚਿਆਂ ਨੇ ਆਪਣੇ ਪ੍ਰਦਰਸ਼ਨਾਂ ਨਾਲ ਪ੍ਰੋਗਰਾਮ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਦਿੱਤੇ | ਪੂਰੇ ਪ੍ਰੋਗਰਾਮ ਦੌਰਾਨ ਬੱਚਿਆਂ ਦਾ ਉਤਸ਼ਾਹ ਤੇ ਊਰਜਾ ਸਾਫ਼ ਦਿਖਾਈ ਦੇ ਰਹੀ ਸੀ, ਜਿਸ ਨਾਲ ਸਕੂਲ ਵਿਚ ਖ਼ੁਸ਼ੀ ਦਾ ਮਾਹੌਲ ਬਣਿਆ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਰਮੇਸ਼ ਸੈਣੀ ਨੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵਿਸਾਖੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹਨ ਅਤੇ ਸਾਨੂੰ ਆਪਣੀ ਸਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦੇ ਹਨ | ਪ੍ਰੋਗਰਾਮ ਖ਼ੁਸ਼ੀ ਉਤਸ਼ਾਹ ਤੇ ਆਪਸੀ ਭਾਈਚਾਰੇ ਦੇ ਸੰਦੇਸ਼ ਨਾਲ ਸਮਾਪਤ ਹੋਇਆ | ਇਸ ਪ੍ਰੋਗਰਾਮ ਨੇ ਸਾਰਿਆਂ ਦੇ ਦਿਲਾਂ ਵਿਚ ਖ਼ੁਸ਼ੀ ਦੀ ਮਿੱਠੀ ਭਾਵਨਾ ਪੈਦਾ ਕੀਤੀ ਅਤੇ ਅਮਿਟ ਯਾਦਾਂ ਛੱਡਦਾ ਹੋਇਆ ਸਕੂਲ ਵਿਖੇ ਵਿਸਾਖੀ ਦਾ ਪ੍ਰੋਗਰਾਮ ਸਮਾਪਤ ਹੋਇਆ |