ਬਮਿਆਲ, 1 ਅਪ੍ਰੈਲ (ਰਕੇਸ਼ ਸ਼ਰਮਾ)- ਪੰਜਾਬ ਸਰਕਾਰ ਅੱਜ ਪੰਜਾਬ 'ਚ ਨਵੇਂ ਪੁਲ ਬਣਾਉਣ ਤੇ ਸੜਕਾਂ ਦਾ ਨਿਰਮਾਣ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਦੇ ਨੇੜੇ ਸਥਿਤ ਮੰਡ ਖੇਤਰ ਦੇ ਪਿੰਡ ਮਕਹਣਪੁਰ, ਤਾਸ਼, ਮਜੀਰੀ, ਬਮਿਆਲ, ਅਖਵਾੜਾ, ਬਾੜਵਾਂ, ਸ਼ੰਨੀ ਤੇ ਕੋਹਲੀਆਂ ਆਦਿ ਦੇ ਲੋਕ ਅੱਜ ਕੱਲ੍ਹ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਪਿੰਡ ਦੇ ਕੋਲ ਵਹਿਣ ਵਾਲੇ ਰਾਵੀ ਦਰਿਆ 'ਤੇ ਤਾਸ਼ ਪੱਤਣ 'ਤੇ ਕਈ ਸਾਲ ਪਹਿਲਾਂ ਕਿਸ਼ਤੀ ਚੱਲਦੀ ਸੀ ਜਿਸ ਰਾਹੀਂ ਲੋਕ ਦਰਿਆ ਪਾਰ ਕਰਕੇ ਗੁਰਦਾਸਪੁਰ ਤੇ ਦੀਨਾਨਗਰ ਵੱਲ ਆਵਾਜਾਈ ਕਰਦੇ ਸਨ | ਬਾਅਦ ਵਿਚ ਸਾਬਕਾ ਸੰਸਦ ਮੈਂਬਰ ਵਿਨੋਦ ਖੰਨਾ ਦੀ ਕੋਸ਼ਿਸ਼ ਨਾਲ ਇੱਥੇ ਅਸਥਾਈ ਪਨਟੂਨ ਪੁਲ ਬਣਾਇਆ ਗਿਆ ਸੀ, ਜੋ ਹਰ ਸਾਲ ਸਤੰਬਰ ਮਹੀਨੇ 'ਚ ਪਾਇਆ ਜਾਂਦਾ ਤੇ ਬਰਸਾਤ ਦੇ ਮੌਸਮ ਵਿੱਚ ਨੁਕਸਾਨ ਤੋਂ ਬਚਾਉਣ ਲਈ ਜੂਨ ਮਹੀਨੇ ਵਿਚ ਹਟਾ ਲਿਆ ਜਾਂਦਾ ਸੀ ਪਰ ਪਿਛਲੇ ਸਾਲ ਆਏ ਭਿਆਨਕ ਸੈਲਾਬ ਦੌਰਾਨ ਇਸ ਪੁਲ ਦੇ ਫਰੇਮ ਦਾ ਕੁਝ ਹਿੱਸਾ ਦਰਿਆ ਵਿੱਚ ਵਹਿ ਗਿਆ ਸੀ | ਇਸ ਕਾਰਨ ਪੁਲ ਅਧੂਰਾ ਰਹਿ ਗਿਆ ਅਤੇ ਹੁਣ ਇਕ ਸਾਲ ਬੀਤ ਜਾਣ ਤੇ ਵੀ ਸਿਰਫ਼ ਪੁੱਲ ਤੇ ਪਏ ਜਾਣ ਵਾਲੇ ਫੱਟੇਆਂ ਦੀ ਕਮੀ ਕਰਕੇ ਇਸ ਪੁਲ ਦਾ ਨਿਰਮਾਣ ਨਹੀਂ ਕੀਤਾ ਗਿਆ | ਲੋਕਾਂ ਨੂੰ ਉਮੀਦ ਸੀ ਕਿ ਸਰਕਾਰ ਜਲਦੀ ਹੀ ਇਸ ਦੀ ਮੁਰੰਮਤ ਕਰਕੇ ਮੁੜ ਚਾਲੂ ਕਰੇਗੀ ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੁਲ ਨਹੀਂ ਬਣਾਇਆ ਗਿਆ | ਇਹ ਪੁਲ ਸਥਾਨਕ ਲੋਕਾਂ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸੇ ਰਾਹੀਂ ਉਹ ਗੁਰਦਾਸਪੁਰ ਤੇ ਦੀਨਾਨਗਰ ਵੱਲ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਜਾਂਦੇ ਹਨ | ਪੁਲ ਨਾ ਹੋਣ ਕਾਰਨ ਲੋਕਾਂ ਨੂੰ ਹੁਣ ਕਿਸ਼ਤੀ ਦੇ ਸਹਾਰੇ ਦਰਿਆ ਪਾਰ ਕਰਨਾ ਪੈਂਦਾ ਹੈ, ਜੋ ਨਾ ਸਿਰਫ਼ ਖ਼ਤਰਨਾਕ ਹੈ, ਸਗੋਂ ਸਮੇਂ ਤੇ ਪੈਸੇ ਦੀ ਵੀ ਵਧੇਰੇ ਖਪਤ ਕਰਦਾ ਹੈ | ਸਕੂਲ ਜਾਣ ਵਾਲੇ ਬੱਚਿਆਂ, ਮਰੀਜ਼ਾਂ ਤੇ ਮਜ਼ਦੂਰ ਵਰਗ ਨੂੰ ਸਭ ਤੋਂ ਵੱਧ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਰਕਾਰ ਵੱਲੋਂ ਨਵੇਂ ਪੁਲ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜੋ ਪਲਟੂਨ ਪੁਲ ਪਹਿਲਾਂ ਤੋਂ ਮੌਜੂਦ ਸੀ, ਉਸ ਨੂੰ ਮੁੜ ਲਗਾਉਣ ਲਈ ਵੀ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਪੁਲ ਨੂੰ ਚਾਲੂ ਕਰਨ ਲਈ ਸਿਰਫ਼ ਮਜ਼ਦੂਰੀ ਦੀ ਲੋੜ ਹੈ, ਪਰ ਫਰੇਮ ਪੂਰਾ ਨਾ ਹੋਣ ਕਰਕੇ ਇਹ ਕੰਮ ਲੰਮੇ ਸਮੇਂ ਤੋਂ ਅਟਕਿਆ ਹੋਇਆ ਹੈ | ਇਲਾਕਾ ਨਿਵਾਸੀ ਜਗਤਾਰ ਸਿੰਘ, ਸੋਨੂੰ ਮਹਾਜਨ, ਰਜਤ ਕੁਮਾਰ, ਸੇਠ ਕੁਮਾਰ, ਬਲਜੀਤ ਸਿੰਘ, ਨਿਰਮਲ ਸਿੰਘ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਜਲਦੀ ਤੋਂ ਜਲਦੀ ਪਨਟੂਨ ਪੁਲ ਨੂੰ ਦੁਬਾਰਾ ਲਗਾਇਆ ਜਾਵੇ |