ਪਠਾਨਕੋਟ, 1 ਅਪ੍ਰੈਲ (ਵਿਨੋਦ)- ਪਠਾਨਕੋਟ ਦੇ ਢਾਕੀ ਰੋਡ ਬਾਜ਼ਾਰ ਵਿਚ ਵਪਾਰੀਆਂ ਅਤੇ ਪ੍ਰਸ਼ਾਸਨ ਦਰਮਿਆਨ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ, ਜਿਸ ਦਾ ਮਕਸਦ ਬਾਜ਼ਾਰ ਵਿਚ ਦਰਪੇਸ਼ ਸਮੱਸਿਆਵਾਂ ਦਾ ਤੁਰੰਤ ਹੱਲ ਕਰਨਾ ਸੀ | ਮੀਟਿੰਗ ਜ਼ਿਲ੍ਹਾ ਚੇਅਰਮੈਨ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਪੰਜਾਬ ਸਰਕਾਰ ਡਾ: ਅਨਿਲ ਭਾਰਦਵਾਜ ਦੀ ਰਹਿਨੁਮਾਈ ਹੇਠ ਤੇ ਵਿਕਾਸ ਸੈਣੀ ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ ਅਤੇ ਤਿਲਕ ਧੀਮਾਨ ਹਲਕਾ ਚੇਅਰਪਰਸਨ ਪਠਾਨਕੋਟ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਢਾਕੀ ਰੋਡ ਬਾਜ਼ਾਰ ਅਤੇ ਆਸ-ਪਾਸ ਦੇ ਇਲਾਕੇ ਤੋਂ ਵੱਡੀ ਗਿਣਤੀ ਵਿਚ ਵਪਾਰੀਆਂ, ਦੁਕਾਨਦਾਰਾਂ ਤੇ ਵੱਖ-ਵੱਖ ਵਪਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ | ਇਸ ਦੌਰਾਨ ਵਪਾਰੀਆਂ ਨੇ ਆਪਣੇ ਰੋਜ਼ਾਨਾ ਕਾਰੋਬਾਰ ਨਾਲ ਜੁੜੀਆਂ ਸਮੱਸਿਆਵਾਂ ਨੂੰ ਖੁੱਲ੍ਹ ਕੇ ਰੱਖਿਆ ਤੇ ਪ੍ਰਸ਼ਾਸਨ ਦਾ ਧਿਆਨ ਉਨ੍ਹਾਂ ਵੱਲ ਦਿਵਾਇਆ | ਵਪਾਰੀਆਂ ਵਲੋਂ ਟਰੈਫ਼ਿਕ ਜਾਮ, ਸਫ਼ਾਈ ਦੀ ਕਮੀ, ਪੀਣ ਵਾਲੇ ਪਾਣੀ ਦੀ ਸਮੱਸਿਆ, ਬਿਜਲੀ ਸਪਲਾਈ ਵਿਚ ਆ ਰਹੀਆਂ ਰੁਕਾਵਟਾਂ, ਬਿਜਲੀ ਦੀਆਂ ਤਾਰਾਂ ਤੇ ਹੋਰ ਬੁਨਿਆਦੀ ਸੁਵਿਧਾਵਾਂ ਨਾਲ ਜੁੜੇ ਮਸਲੇ ਪ੍ਰਮੁੱਖ ਤੌਰ 'ਤੇ ਉਠਾਏ ਗਏ | ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਹਰ ਮਸਲੇ ਨੂੰ ਧਿਆਨ ਨਾਲ ਸੁਣਿਆ ਤੇ ਕਈ ਸਮੱਸਿਆਵਾਂ ਦਾ ਤੁਰੰਤ ਹੱਲ ਕਰ ਦਿੱਤਾ | ਜਿਹੜੇ ਮਸਲੇ ਮੌਕੇ 'ਤੇ ਹੱਲ ਨਹੀਂ ਹੋ ਸਕੇ, ਉਨ੍ਹਾਂ ਨੂੰ ਦਰਜ ਕਰਕੇ ਭਗਵੰਤ ਮਾਨ ਸਰਕਾਰ ਦੇ ਪੋਰਟਲ 'ਤੇ ਅੱਪਲੋਡ ਕੀਤਾ ਗਿਆ ਜਿੱਥੇ ਉਨ੍ਹਾਂ ਦਾ ਨਿਰੰਤਰ ਰਿਵਿਊ ਕਰਕੇ ਜਲਦੀ ਨਿਪਟਾਰਾ ਕੀਤਾ ਜਾਵੇਗਾ | ਇਸ ਮੌਕੇ ਹਲਕੇ ਦੇ ਵਿਭੂਤੀ ਸ਼ਰਮਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਬਣਾਇਆ ਗਿਆ ਟਰੇਡਰ ਕਮਿਸ਼ਨ ਵਪਾਰੀਆਂ ਦੇ ਮਸਲੇ ਹਰ ਰੋਜ਼ ਹੱਲ ਕਰ ਰਿਹਾ ਹੈ ਤੇ ਵਪਾਰੀ ਵਰਗ ਇਸ ਤੋਂ ਬਹੁਤ ਖ਼ੁਸ਼ ਹੈ | ਇਸ ਦੇ ਨਾਲ ਹੀ ਧਰਮਿੰਦਰ ਸਿੰਘ ਸ਼ੇਰੂ, ਮੈਂਬਰ ਪੰਜਾਬ ਸਟੇਟ ਟਰੇਡਰ ਕਮਿਸ਼ਨ ਚੰਡੀਗੜ੍ਹ ਤੋਂ ਮੁੱਖ ਰੂਪ ਵਿਚ ਹਾਜ਼ਰ ਰਹੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ, ਜਿਸ ਨਾਲ ਹਰ ਵਰਗ ਦਾ ਵਪਾਰੀ ਚਾਹੇ ਉਹ ਛੋਟਾ ਦੁਕਾਨਦਾਰ ਹੋਵੇ ਜਾਂ ਵੱਡਾ ਉਦਯੋਗਪਤੀ ਬਹੁਤ ਲਾਭਾਨਵਿਤ ਹੋ ਰਿਹਾ ਹੈ | ਵਿਕਾਸ ਸੈਣੀ ਜ਼ਿਲ੍ਹਾ ਪ੍ਰਧਾਨ ਨੇ ਅੱਗੇ ਕਿਹਾ ਕਿ ਟਰੇਡਰ ਕਮਿਸ਼ਨ ਮੌਕੇ 'ਤੇ ਹੀ ਬਹੁਤ ਸਾਰੇ ਮਸਲੇ ਹੱਲ ਕਰਕੇ ਵਪਾਰੀਆਂ ਨੂੰ ਤੁਰੰਤ ਰਾਹਤ ਦੇ ਰਿਹਾ ਹੈ ਅਤੇ ਜਿਹੜੇ ਮਸਲੇ ਬਾਕੀ ਰਹਿ ਜਾਂਦੇ ਹਨ, ਉਨ੍ਹਾਂ ਨੂੰ ਸਰਕਾਰੀ ਪੋਰਟਲ 'ਤੇ ਦਰਜ ਕਰਕੇ ਉਨ੍ਹਾਂ ਦਾ ਨਿਯਮਿਤ ਰਿਵਿਊ ਕੀਤਾ ਜਾਂਦਾ ਹੈ | ਅਖੀਰ ਵਿਚ ਵਪਾਰੀਆਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਖ਼ੂਬ ਸਰਾਹਨਾ ਕੀਤੀ | ਚੇਅਰਮੈਨ ਡਾ: ਅਨਿਲ ਭਾਰਦਵਾਜ ਨੇ ਕਿਹਾ ਕਿ ਇਹ ਪਹਿਲ ਨਾ ਸਿਰਫ਼ ਢਾਕੀ ਰੋਡ ਬਾਜ਼ਾਰ, ਸਗੋਂ ਪੂਰੇ ਪਠਾਨਕੋਟ ਜ਼ਿਲ੍ਹੇ ਦੇ ਵਪਾਰਕ ਮਾਹੌਲ ਨੂੰ ਮਜ਼ਬੂਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਏਗੀ |