21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਧਰੁਵ ਪਾਰਕ ਰੋਡ ਆਮ ਲੋਕਾਂ ਲਈ ਬੰਦ, ਭਾਰਤੀ ਸੈਨਾ ਦੇ ਹੁਕਮਾਂ ਤੋਂ ਬਾਅਦ ਲੋਕਾਂ ਦੀ ਵਧੀ ਪ੍ਰੇਸ਼ਾਨੀ

ਅਜੀਤ ਡੈਸਕ 02-04-2026
ਪਠਾਨਕੋਟ, 1 ਮਾਰਚ (ਸੁਮਿਤ)- ਭਾਰਤੀ ਫ਼ੌਜ ਦੇ ਧਰੁਵ ਪਾਰਕ ਰੋਡ ਸਬੰਧੀ ਨਵੇਂ ਹੁਕਮਾਂ ਨੇ ਸਥਾਨਕ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ | ਫ਼ੌਜ ਵਲੋਂ ਜਾਰੀ ਹਦਾਇਤਾਂ ਅਨੁਸਾਰ ਇਸ ਸੜਕ ਤੋਂ ਲੰਘਣ ਵਾਲੇ ਸਾਰੇ ਦੋ ਪਹੀਆ ਵਾਹਨ ਸਵਾਰਾਂ ਲਈ ਹੈਲਮੈਂਟ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ | ਇਹ ਹੁਕਮ ਲਾਗੂ ਹੁੰਦੇ ਹੀ ਬਿਨਾਂ ਹੈਲਮੈਂਟ ਦੇ ਯਾਤਰਾ ਕਰਨ ਵਾਲਿਆਂ ਲਈ ਸੜਕ ਬੰਦ ਕਰ ਦਿੱਤੀ ਗਈ ਜਿਸ ਕਾਰਨ ਰੋਜ਼ਾਨਾ ਇਸ ਸੜਕ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਸੜਕ ਉਨ੍ਹਾਂ ਲਈ ਇਕ ਮਹੱਤਵਪੂਰਨ ਸੰਪਰਕ ਰਸਤਾ ਹੈ ਜਿਸ ਰਾਹੀਂ ਉਹ ਆਸਾਨੀ ਨਾਲ ਆਪਣੇ ਕੰਮ ਵਾਲੀਆਂ ਥਾਵਾਂ, ਸਕੂਲਾਂ ਤੇ ਕਾਲਜਾਂ ਤੱਕ ਪਹੁੰਚਦੇ ਹਨ | ਇਸ ਨਿਯਮ ਦੇ ਅਚਾਨਕ ਲਾਗੂ ਹੋਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਵਿਚਕਾਰੋਂ ਵਾਪਸ ਜਾਣਾ ਪਿਆ | ਇਕ ਵਿਦਿਆਰਥਣ, ਜੋ ਕਾਲਜ ਵਿਚ ਆਪਣੀ ਅੰਤਿਮ ਪ੍ਰੀਖਿਆ ਦੇਣ ਜਾ ਰਹੀ ਸੀ, ਨੂੰ ਵੀ ਵਾਪਸ ਪਰਤਣਾ ਪਿਆ ਕਿਉਂਕਿ ਉਸ ਨੇ ਹੈਲਮੈਂਟ ਨਹੀਂ ਪਾਇਆ ਹੋਇਆ ਸੀ ਜਿਸ ਕਾਰਨ ਉਹ ਆਪਣੀ ਪ੍ਰੀਖਿਆ ਤੋਂ ਖੁੰਝ ਗਈ | ਰਵੀ ਸ਼ਰਮਾ ਤੇ ਰਾਮ ਤੀਰਥ ਸ਼ਰਮਾ ਸਮੇਤ ਮੌਜੂਦ ਲੋਕਾਂ ਨੇ ਕਿਹਾ ਕਿ ਸੁਰੱਖਿਆ ਲਈ ਹੈਲਮੈਂਟ ਜ਼ਰੂਰੀ ਹੈ ਪਰ ਇੰਨ੍ਹੀ ਅਚਾਨਕ ਸਖ਼ਤੀ ਆਮ ਲੋਕਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ | ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਸ਼ਾਸਨ ਨੂੰ ਪਹਿਲਾਂ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਸੀ ਤੇ ਕੁਝ ਸਮਾਂ ਦੇਣਾ ਚਾਹੀਦਾ ਸੀ ਤਾਂ ਜੋ ਲੋਕ ਨਿਯਮਾਂ ਅਨੁਸਾਰ ਆਪਣੇ ਆਪ ਨੂੰ ਤਿਆਰ ਕਰ ਸਕਣ | ਸਥਾਨਕ ਲੋਕਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਤੇ ਪ੍ਰਸ਼ਾਸਨ ਤੋਂ ਇਸ ਨਿਯਮ ਵਿਚ ਢਿੱਲ ਦੇਣ ਦੀ ਮੰਗ ਕੀਤੀ ਹੈ | ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਨਿਯਮਾਂ ਨੂੰ ਲਾਗੂ ਕਰਨਾ ਜ਼ਰੂਰੀ ਹੈ ਉੱਥੇ ਆਮ ਲੋਕਾਂ ਦੀ ਸਹੂਲਤ ਦਾ ਵੀ ਧਿਆਨ ਰੱਖਣਾ ਵੀ ਉਨ੍ਹਾ ਹੀ ਜ਼ਰੂਰੀ ਹੈ |
ਪਿਛਲੀ ਖ਼ਬਰ ਸਰਹੱਦੀ ਇਲਾਕੇ ਦੇ ਲੋਕਾਂ ਦੀ ਮੁਸ਼ਕਿਲ ਵਧੀ, ਰਾਵੀ ਦਰਿਆ 'ਤੇ ਅਸਥਾਈ ਪਨਟੂਨ ਪੁਲ ਦਾ ਨਿਰਮਾਣ ਨਾ ਹੋਣ ਕਰਨ ਆਵਾਜਾਈ ਠੱਪ... ਅਗਲੀ ਖ਼ਬਰ ਜੀ.ਐਨ.ਡੀ.ਯੂ. ਕਾਲਜ ਪਠਾਨਕੋਟ ਦੇ ਕੈਂਪਸ 'ਚ ਸਾਲਾਨਾ ਖੇਡ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।