ਘਰੋਟਾ, 1 ਅਪ੍ਰੈਲ (ਸੰਜੀਵ ਗੁਪਤਾ)- ਘਰੋਟਾ ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਪੰਜ ਦਿਨਾਂ ਦਾ ਵਿਸ਼ਾਲ ਸੰਤ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ | ਸਮਾਗਮ ਦੌਰਾਨ ਦੂਰ-ਦੂਰ ਤੋਂ ਆਈ ਭਾਰੀ ਗਿਣਤੀ 'ਚ ਸੰਗਤ ਨੇ ਗੁਰੂ ਘਰ 'ਚ ਹਾਜ਼ਰੀ ਭਰ ਕੇ ਨਤਮਸਤਕ ਹੋ ਕੇ ਅਸੀਸਾਂ ਪ੍ਰਾਪਤ ਕੀਤੀਆਂ | ਇਸ ਮੌਕੇ ਮੁੱਖ ਸੇਵਾਦਾਰ ਬਾਬਾ ਬਸੰਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਨੂੰ ਗੁਰੂ ਦੇ ਨਾਮ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਉਣਾ ਚਾਹੀਦਾ ਹੈ | ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਇਤਿਹਾਸ, ਸਿੱਖ ਧਰਮ ਦੀ ਮਹਾਨਤਾ ਤੇ ਸ਼ਹੀਦਾਂ ਦੀ ਕੁਰਬਾਨੀਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਸੰਗਤ ਨੂੰ ਨਾਮ ਸਿਮਰਨ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਦੇ ਡਾ: ਸ਼ਿਵ ਸਿੰਘ ਵਲੋਂ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਗੁਰੂ ਦੇ ਨਾਮ ਨਾਲ ਜੋੜਿਆ ਗਿਆ | ਇਸ ਤੋਂ ਇਲਾਵਾ ਭਾਈ ਗੁਰਪ੍ਰੀਤ ਸਿੰਘ ਕੀਰਤਨੀ ਜਥਾ, ਕਵੀਸ਼ਰੀ ਜਥਾ ਵਿਕਰਮਜੀਤ ਕੌਰ, ਢਾਡੀ ਜਥਾ ਮੱਖਣ ਸਿੰਘ ਮੁਸਾਫ਼ਰ, ਕੀਰਤਨੀ ਜਥਾ ਭਾਈ ਹਰਦੇਵ ਸਿੰਘ, ਢਾਡੀ ਬੀਬੀ ਰਾਜਵੰਤ ਕੌਰ, ਭਾਈ ਗੁਰਦੇਵ ਸਿੰਘ ਤੇ ਗਤਕਾ ਅਖਾੜਾ ਸਿਮਰਨਜੀਤ ਸਿੰਘ ਵਲੋਂ ਵੀ ਸ਼ਾਨਦਾਰ ਪ੍ਰਸਤੁਤੀਆਂ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ |