21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪਿੰਡ ਚੰਦੂਸੂਜਾ ਦੀਆਂ ਗਲੀਆਂ 'ਚ ਪਾਣੀ ਖੜ੍ਹਾ ਹੋਣ ਕਾਰਨ ਲੋਕ ਪ੍ਰੇਸ਼ਾਨ

ਅਜੀਤ ਡੈਸਕ 02-04-2026
ਧਿਆਨਪੁਰ, 1 ਅਪ੍ਰੈਲ (ਕੁਲਦੀਪ ਸਿੰਘ ਸੋਨੂੰ)- ਹਲਕਾ ਫਤਹਿਗੜ੍ਹ ਚੂੜੀਆਂ ਦੇ ਨਾਮਵਰ ਪਿੰਡ ਚੰਦੂਸੂਜਾ ਦੀਆਂ 2 ਗਲੀਆਂ ਵਿਚ ਛੱਪੜ ਦੇ ਪਾਣੀ ਦਾ ਓਵਰਫਲੋ ਕਰ ਕੇ ਖੜ੍ਹਾ ਹੋਣ ਕਰ ਕੇ ਬਹੁਤ ਹੀ ਮੰਦਾ ਹਾਲ ਹੋਇਆ ਪਿਆ ਹੈ, ਜੋ ਕਿ ਵਿਕਾਸ ਕਾਰਜਾਂ ਦੀ ਫੂਕ ਕੱਢ ਰਿਹਾ ਹੈ | ਇਥੋਂ ਸਕੂਲ ਜਾਣ ਵਾਲੇ ਛੋਟੇ-ਛੋਟੇ ਬੱਚਿਆਂ ਤੇ ਬਜ਼ੁਰਗਾਂ ਨੂੰ ਇਸ ਗਲੀ ਵਿਚੋਂ ਲੰਘਣਾ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਛੱਪੜ 'ਚੋਂ ਲੰਘ ਕੇ ਜਾਣਾ ਹੋਵੇ | ਇਸ ਸੰਬੰਧੀ ਹੀਰਾ ਸਿੰਘ ਚੰਦੂਸੂਜਾ ਨੇ ਦੱਸਿਆਂ ਕਿ ਲੰਮਾ ਸਮਾਂ ਹੋ ਗਿਆ ਹੈ, ਜਦੋਂ ਵੀ ਥੋੜਾ-ਬਹੁਤ ਮੀਂਹ ਆਉਂਦਾ ਹੈ ਤਾਂ ਇਨ੍ਹਾਂ ਦੋਵਾਂ ਗਲੀਆਂ ਵਿਚ ਪਾਣੀ ਏਨਾ ਭਰ ਜਾਂਦਾ ਹੈ, ਜਿਵੇਂ ਇਹ ਗਲੀਆਂ ਨਹੀਂ, ਛੱਪੜ ਹੁੰਦਾ ਹੋਵੇ ਕਿਉਂਕਿ ਇਨ੍ਹਾਂ ਗਲੀਆਂ ਵਿਚੋਂ ਗੋਡੇ-ਗੋਡੇ ਪਾਣੀ ਖਲੋ ਜਾਂਦਾ ਹੈ ਤੇ ਰਾਹਗੀਰਾਂ ਦਾ ਮੋਟਰਸਾਈਕਲ ਜਾਂ ਗੱਡੀ ਤੋਂ ਬਿਨਾਂ ਲੰਘਣਾ ਬਹੁਤ ਔਖਾ ਹੋ ਜਾਂਦਾ ਹੈ | ਇਸ ਤੋਂ ਇਲਾਵਾ ਇਸ ਛੱਪੜ ਵਿਚ ਪਖਾਨਿਆਂ ਦਾ ਗੰਦਾ ਪਾਣੀ ਪੈਂਦਾ ਹੈ ਜਿਸ ਕਰ ਕੇ ਪਿੰਡ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਡਰ ਬਣਿਆ ਹੋਇਆ ਹੈ ਕਿਉਂਕਿ ਡਾਕਟਰ ਆਮ ਹੀ ਸਲਾਹ ਦਿੰਦੇ ਹਨ ਕਿ ਜਿੱਥੇ ਜ਼ਿਆਦਾ ਸਮਾਂ ਪਾਣੀ ਖੜਾ ਰਹਿੰਦਾ ਹੈ ਉੱਥੇ ਬਿਮਾਰੀਆਂ ਨੂੰ ਆਪ ਸੱਦਾ ਦੇਣ ਵਾਲੀ ਗੱਲ ਹੋ ਜਾਂਦੀ ਹੈ | ਇਸ ਲਈ ਜਦੋਂ ਕਿਸੇ ਵਿਦਿਆਰਥੀ ਨੇ ਸਕੂਲ ਜਾਣਾ ਹੋਵੇ ਜਾਂ ਕਿਸੇ ਬਜ਼ੁਰਗ ਨੇ ਕੋਈ ਦਵਾਈ-ਬੂਟੀ ਲੈਣ ਜਾਣਾ ਹੋਵੇ ਤਾਂ ਇਸ ਗਲੀ ਵਿਚੋਂ ਲੰਘਣਾ ਉਸ ਨੂੰ ਬਹੁਤ ਹੀ ਮੁਸ਼ਕਿਲ ਹੋ ਜਾਂਦਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਰੱਕੀ ਦੀਆਂ ਗੱਲਾਂ ਕਰਦੀ ਹੈ ਪਰ ਪਿੰਡ ਵਿਚ ਲੰਘਣ ਵਾਲੀਆਂ ਗਲੀਆਂ-ਨਾਲੀਆਂ ਦਾ ਏਨਾ ਬੁਰਾ ਹਾਲ ਹੋ ਗਿਆ ਹੈ ਕਿ ਉਹ ਵੀ ਛੱਪੜ ਦਾ ਰੂਪ ਬਣ ਗਈਆਂ ਹਨ ਜਿਸ ਦਾ ਕੋਈ ਵਾਲੀ ਵਾਰਸ ਨਹੀਂ ਦਿੱਖ ਰਿਹਾ | ਇਸ ਸਬੰਧੀ ਪਿੰਡ ਵਾਸੀਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕੀਤੀ ਕਿ ਜੇਕਰ ਇਸ ਭਿਆਨਕ ਮੁਸੀਬਤ ਦਾ ਕੋਈ ਹੱਲ ਨਾ ਨਿਕਲਿਆ ਤਾਂ ਪਿੰਡ ਵਾਸੀ ਨੂੰ ਬਹੁਤ ਭਿਆਨਕ ਬਿਮਾਰੀਆਂ ਆਪਣੀ ਗਲਵੱਕੜੀ 'ਚ ਲੈ ਲੈਣਗੀਆਂ | ਇਸ ਸੰਬੰਧੀ ਜਦ ਪਿੰਡ ਦੇ ਸਰਪੰਚ ਸਾਬੀ ਚੰਦੂਸੂਜਾ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਜਲਦੀ ਹੀ ਇਸ ਪਾਣੀ ਨੂੰ ਕੱਢਣ ਲਈ ਲੋੜੀਦੇ ਪ੍ਰਬੰਧ ਕਰ ਦਿੱਤੇ ਜਾਣਗੇ ਤੇ ਇਸ ਪਾਣੀ ਨੂੰ ਕੱਢ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਅਮੋਲਕ ਸਿੰਘ ਜੂਨੀਅਰ ਇੰਜੀਨੀਅਰ ਬਣੇ ਅਗਲੀ ਖ਼ਬਰ ਸਵਾਮੀ ਸਰਵਾਨੰਦ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਨਤੀਜੇ ਰਹੇ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।