ਬਟਾਲਾ, 30 ਮਾਰਚ (ਰਾਕੇਸ਼ ਰੇਖੀ)-ਪੁਲਿਸ ਨੇ ਪਿੰਡ ਦਮੋਦਰ ਦੇ ਇਕ ਘਰ ਦੀ ਛੱਤ 'ਤੇ ਅਫੀਮ ਦੀ ਖੇਤੀ ਕੀਤੇ ਜਾਣ ਦੀ ਸੂਚਨਾ 'ਤੇ ਛਾਪੇਮਾਰੀ ਕਰ ਕੇ ਇਕ ਵਿਅਕਤੀ ਨੂੰ ਗਿ੍ਫਤਾਰ ਕਰ ਲਿਆ | ਥਾਣਾ ਕਿਲ੍ਹਾ ਲਾਲ ਸਿੰਘ ਦੇ ਏ.ਐਸ.ਆਈ. ਇਕਬਾਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪਿੰਡ ਬਿਜਲੀਵਾਲ, ਮਿਰਜਾਜਾਨ, ਧਵਾਨ, ਕੋਜ ਮਜਲਸ ਅਤੇ ਦਾਮੋਦਰ ਆਦਿ ਵਿਚ ਗਸ਼ਤ ਕਰ ਰਹੀ ਸੀ | ਜਦੋਂ ਪੁਲਿਸ ਪਿੰਡ ਦਾਮੋਦਰ ਨੇੜੇ ਪਹੁੰਚੀ ਤਾਂ ਸੂਚਨਾ ਮਿਲੀ ਕਿ ਦਮੋਦਰ ਦੇ ਰਹਿਣ ਵਾਲੇ ਅਜੀਤ ਸਿੰਘ ਉਰਫ ਜੀਤਾ ਪੁੱਤਰ ਪੌਣੀ ਰਾਮ ਨੇ ਆਪਣੇ ਨਵੇਂ ਮਕਾਨ ਦੀ ਲੈਂਟਰ ਵਾਲੀ ਛੱਤ 'ਤੇ ਮਿੱਟੀ ਵਿਛਾ ਕੇ ਅਫੀਮ ਦੀ ਖੇਤੀ ਕੀਤੀ ਹੋਈ ਹੈ | ਪੁਲਿਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਇਕ ਘਰ ਵਿਚ ਪੁਲਿਸ ਦੀ ਆਮਦ ਨੂੰ ਵੇਖ ਕੇ ਇਕ ਵਿਅਕਤੀ ਨੇ ਖਿਸਕਣ ਦੀ ਕੋਸ਼ਿਸ ਕੀਤੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਜਿਸ ਦੀ ਪਹਿਚਾਣ ਘਰ ਦੇ ਮਾਲਕ ਅਜੀਤ ਸਿੰਘ ਉਰਫ ਜੀਤਾ ਦੇ ਤੌਰ 'ਤੇ ਕੀਤੀ ਗਈ | ਪੁਲਿਸ ਜਦੋਂ ਘਰ ਦੀ ਛੱਤ 'ਤੇ ਪਹੁੰਚੀ ਤਾਂ ਦੇਖਿਆ ਕਿ ਛੱਤ 'ਤੇ ਇਕ ਪਾਸੇ ਅਫੀਮ ਦੇ ਬੂਟੇ ਉਗਾਏ ਹੋਏ ਸਨ | ਪੁਲਿਸ ਨੇ ਕੁੱਲ 34 ਬੂਟੇ ਬਰਾਮਦ ਕਰ ਕੇ ਦੋਸ਼ੀ ਨੂੰ ਗਿ੍ਫਤਾਰ ਕਰ ਲਿਆ | ਉਸ ਦੇ ਖਿਲਾਫ਼ ਐਨ.ਡੀ.ਪੀ.ਐਸ. ਐਕਟ ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ |