ਗੁਰਦਾਸਪੁਰ, 19 ਫਰਵਰੀ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਸੜਕ 'ਤੇ ਪੈਂਦੇ ਪਿੰਡ ਨਵਾਂ ਸ਼ਾਲਾ ਸਥਿਤ ਸਰਪੰਚ ਢਾਬੇ ਨਜ਼ਦੀਕ ਸੀਮੈਂਟ ਨਾਲ ਭਰੇ ਇਕ ਟਰੱਕ ਟਰਾਲਾ ਤੇ ਮਿੱਟੀ ਨਾਲ ਭਰੀ ਟਿੱਪਰ ਦੀ ਰਾਤ ਕਰੀਬ 12.30 ਵਜੇ ਭਿਆਨਕ ਟੱਕਰ 'ਚ ਟਰਾਲਾ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਦੋਂ ਕਿ ਇਸ ਹਾਦਸੇ 'ਚ ਟਿੱਪਰ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ | ਇਹ ਹਾਦਸਾ ਇੰਨਾ ਜਬਰਦਸਤ ਸੀ ਕਿ ਆਵਾਜ਼ ਸੁਣ ਕੇ ਪਿੰਡਾਂ ਦੇ ਲੋਕ ਘਰੋਂ ਬਾਹਰ ਨਿਕਲ ਆਏ | ਸ਼ਾਲਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਿ੍ਤਕ ਡਰਾਈਵਰ ਤੇ ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਗੁਰਦਾਸਪੁਰ ਦਾਖ਼ਲ ਕਰਵਾਇਆ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਡਰਾਈਵਰ ਜੋਗਾ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਹਰਦੋ ਬਥਵਾਲਾ ਜ਼ਿਲ੍ਹਾ ਗੁਰਦਾਸਪੁਰ ਜੋ ਅੰਮਿ੍ਤਸਰ ਦੇ ਮਾਲਕ ਦਾ ਟਰਾਲਾ ਚਲਾਉਂਦਾ ਸੀ ਤੇ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਟਰਾਲਾ ਨੰਬਰ ਪੀ.ਬੀ.02.ਬੀ.ਐਫ.3578 ਰਾਹੀਂ ਸੀਮੈਂਟ ਦੀਆਂ ਬੋਰੀਆਂ ਲੱਦ ਕੇ ਆ ਰਿਹਾ ਸੀ ਕਿ ਰਸਤੇ 'ਚ ਗੁਰਦਾਸਪੁਰ ਵਲੋਂ ਮਿੱਟੀ ਦਾ ਭਰਿਆ ਟਿੱਪਰ ਨੰਬਰ ਪੀ.ਬੀ.07.ਸੀ.ਐਲ. 9364 ਜਦੋਂ ਨਵਾਂ ਸ਼ਾਲਾ ਨੇੜੇ ਪੁੱਜਾ ਤਾਂ ਟਿੱਪਰ ਦੀ ਟਰਾਲੇ ਨਾਲ ਸਿੱਧੀ ਟੱਕਰ ਹੋ ਗਈ | ਜਿਸ ਕਾਰਨ ਟਰਾਲਾ ਚਾਲਕ ਜੋਗਾ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ | ਜੋਗਾ ਸਿੰਘ ਦੀ ਲਾਸ਼ ਟਰਾਲੇ 'ਚੋਂ ਬੜੀ ਮੁਸ਼ਕਿਲ ਨਾਲ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਪਹੁੰਚਾਈ ਗਈ | ਟਰਾਲੇ 'ਚ 580 ਦੇ ਕਰੀਬ ਸੀਮੈਂਟ ਦੀਆਂ ਬੋਰੀਆਂ ਸਨ, ਜਿਸ 'ਚੋਂ 200 ਦੇ ਕਰੀਬ ਬੋਰੀਆਂ ਬੁਰੀ ਤਰ੍ਹਾਂ ਨਸ਼ਟ ਹੋ ਚੁੱਕੀਆਂ ਸਨ ਤੇ ਸੀਮੈਂਟ ਸੜਕ 'ਤੇ ਖਿਲਰ ਗਿਆ ਸੀ | ਇਸ ਹਾਦਸੇ ਨਾਲ ਸੜਕ 'ਤੇ ਭਾਰੀ ਜਾਮ ਲੱਗ ਗਿਆ | ਥਾਣਾ ਮੁਖੀ ਪੁਰਾਣਾ ਸ਼ਾਲਾ ਕੁਲਵਿੰਦਰ ਸਿੰਘ ਤੇ ਸੜਕ ਸੁਰੱਖਿਆ ਫੋਰਸ ਦੇ ਸਾਂਝੇ ਯਤਨਾਂ ਨਾਲ ਸੜਕ 'ਤੇ ਜੇ.ਸੀ.ਬੀ ਮਸ਼ੀਨ ਲਗਾ ਕੇ ਨੁਕਸਾਨੇ ਵਾਹਨਾਂ ਨੂੰ ਸਾਈਡ 'ਤੇ ਕਰਕੇ ਆਵਾਜਾਈ ਬਹਾਲ ਕੀਤੀ ਗਈ |