ਗੁਰਦਾਸਪੁਰ, 19 ਫਰਵਰੀ (ਪੰਕਜ ਸ਼ਰਮਾ)-ਜ਼ਿਲ੍ਹਾ ਸਾਹਿਤ ਕੇਂਦਰ ਦੇ ਅਹੁਦੇਦਾਰਾਂ ਦੀ ਮੀਟਿੰਗ ਸਥਾਨਕ ਸ਼ਹੀਦ ਬਲਜੀਤ ਸਿੰਘ ਯਾਦਗਾਰੀ ਹਾਲ ਵਿਖੇ ਪ੍ਰਧਾਨ ਡਾ: ਲੇਖ ਰਾਜ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪਹਿਲਾਂ ਸਦੀਂਵੀ ਵਿਛੋੜਾ ਦੇ ਗਏ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਦਸੂਹਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਉਪਰੰਤ ਜ਼ਿਲ੍ਹਾ ਸਾਹਿਤ ਕੇਂਦਰ ਦੇ ਸੰਯੋਜਕ ਮੱਖਣ ਕੁਹਾੜ ਨੇ ਦੱਸਿਆ ਕਿ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਨਿਊ ਸੰਤ ਨਗਰ ਤਿ੍ਮੋ ਰੋਡ ਗੁਰਦਾਸਪੁਰ ਵਿਖੇ ਕਾਲਜ ਪ੍ਰਬੰਧਕਾਂ ਦੇ ਸਹਿਯੋਗ ਨਾਲ ਮਨਾਉਣ ਲਈ ਰੂਪ ਰੇਖਾ ਤਿਆਰ ਕੀਤੀ ਗਈ | ਸਮਾਗਮ ਦਾ ਸਮਾਂ ਸਵੇਰੇ 10 ਤੋਂ ਬਾਅਦ ਦੁਪਹਿਰ 1 ਵਜੇ ਤੱਕ ਰੱਖਿਆ ਗਿਆ ਹੈ | ਪਹਿਲੇ ਪੜ੍ਹਾਅ ਵਿਚ ਕੌਮਾਂਤਰੀ ਮਾਂ ਬੋਲੀ ਦਿਵਸ ਦੀ ਮਹੱਤਤਾ, ਪਿਛੋਕੜ, ਸਾਰਥਿਕਤਾ ਤੇ ਮਾਂ ਬੋਲੀ ਪੰਜਾਬੀ ਵਿਸ਼ੇ 'ਤੇ ਵਿਦਵਾਨਾਂ ਵਲੋਂ ਵਿਚਾਰ ਪੇਸ਼ ਕੀਤੇ ਜਾਣਗੇ | ਦੂਜੇ ਪੜ੍ਹਾਅ ਵਿਚ ਕਵੀ ਦਰਬਾਰ ਕਰਵਾਇਆ ਜਾਵੇਗਾ | ਸਮਾਗਮ ਦੀ ਸਮਾਪਤੀ ਉਪਰੰਤ ਲੇਖਕਾਂ ਦੇ ਵਫ਼ਦ ਵਲੋਂ ਡਿਪਟੀ ਕਮਿਸ਼ਨਰ ਨੂੰ ਮਾਂ ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰ ਦੇਣ ਲਈ ਮੰਗ ਪੱਤਰ ਦਿੱਤਾ ਜਾਵੇਗਾ | ਸਮਾਗਮ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਸਮੂਹ ਲੇਖਕਾਂ, ਕਵੀਆਂ, ਚਿੰਤਕਾਂ ਨੂੰ ਸਮੇਂ ਸਿਰ ਪੁੱਜਣ ਦੀ ਬੇਨਤੀ ਕੀਤੀ ਗਈ | ਇਸ ਮੌਕੇ ਜਨਰਲ ਸਕੱਤਰ ਮੰਗਤ ਚੰਚਲ, ਸੀਨੀਅਰ ਮੀਤ ਪ੍ਰਧਾਨ ਸ਼ੀਤਲ ਸਿੰਘ ਗੁਨੋਪੁਰੀ, ਵਿੱਤ ਸਕੱਤਰ ਸੋਹਣ ਸਿੰਘ ਤੇ ਬੂਟਾ ਰਾਮ ਆਜ਼ਾਦ, ਮੀਤ ਪ੍ਰਧਾਨ ਡਾ: ਰਜਵਿੰਦਰ ਕੌਰ ਨਾਗਰਾ, ਸੁਖਵਿੰਦਰ ਸਿੰਘ ਰੰਧਾਵਾ, ਗੁਰਮੀਤ ਬਾਜਵਾ, ਸੁੱਚਾ ਸਿੰਘ ਪਸਨਾਵਾਲ, ਗੁਰਪ੍ਰੀਤ ਰੰਗੀਲਪੁਰ, ਹਰਪਾਲ ਸਿੰਘ ਨਾਗਰਾ ਆਦਿ ਹਾਜ਼ਰ ਸਨ |