ਗੁਰਦਾਸਪੁਰ, 19 ਫਰਵਰੀ (ਗੁਰਪ੍ਰਤਾਪ ਸਿੰਘ)-ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਸ਼ਹੀਦ ਬਲਜੀਤ ਸਿੰਘ ਭਵਨ ਵਿਖੇ ਜ਼ਿਲ੍ਹ ਪ੍ਰਧਾਨ ਸਾਥੀ ਹਰਜੀਤ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸੂਬਾ ਪ੍ਰਧਾਨ ਸਾਥੀ ਸਤਨਾਮ ਸਿੰਘ ਅਜਨਾਲਾ ਉਚੇਚੇ ਤੌਰ 'ਤੇ ਪੁੱਜੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਅਜਨਾਲਾ ਨੇ ਮੋਦੀ ਸਰਕਾਰ ਦੀਆਂ ਕਿਸਾਨ, ਮਜ਼ਦੂਰ ਵਿਰੋਧੀ ਨੀਤੀਆਂ ਦੀ ਸਖਤ ਆਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਕੇਂਦਰ ਨੇ ਪਹਿਲਾਂ ਮਨਰੇਗਾ ਕਾਨੂੰਨ ਤੇ ਚਾਰ ਲੇਬਰ ਕੋਡ ਬਣਾ ਕੇ ਮਜ਼ਦੂਰਾਂ ਨੂੰ ਉੱਕਾ ਹੀ ਤਬਾਹ ਕਰ ਦਿੱਤਾ ਹੈ ਤੇ ਹੁਣ ਅਮਰੀਕਾ ਨਾਲ ਜੋ ਵਪਾਰ ਸਮਝੌਤਾ ਕੀਤਾ ਹੈ, ਉਸ 'ਚ ਖੇਤੀ ਵਸਤਾਂ ਨੂੰ ਸ਼ਾਮਿਲ ਕਰਨ ਨਾਲ ਭਾਰਤੀ ਕਿਸਾਨ ਖੇਤੀ ਛੱਡ ਕੇ ਮਜ਼ਦੂਰ ਬਣਨ ਲਈ ਮਜਬੂਰ ਹੋ ਜਾਣਗੇ | ਉਨ੍ਹਾਂ ਕਿਹਾ ਕਿ ਇਸ ਨਾਲ ਘੱਟੋ ਘੱਟ ਸਮਰਥਨ ਮੁੱਲ ਦਾ ਕਿਸਾਨੀ ਸੁਪਨਾ ਵੀ ਗੰੁਮ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਜੇ ਅਮਰੀਕਾ ਤੋਂ 0 ਫ਼ੀਸਦੀ ਟੈਰਿਫ਼ ਨਾਲ ਬਹੁਤ ਸਸਤੀਆਂ ਕਿਸਾਨੀ ਵਸਤਾਂ ਭਾਰਤ ਵਿਚ ਆਉਣਗੀਆਂ ਤਾਂ ਭਾਰਤ ਦੇ ਕਿਸਾਨਾਂ ਦੇ ਉਤਪਾਦਨ ਕੌਣ ਖ਼ਰੀਦੇਗਾ | ਇਸ ਦੇ ਨਾਲ ਸਾਰੇ ਸਹਾਇਕ ਧੰਦੇ ਵੀ ਬਰਬਾਦ ਹੋ ਜਾਣਗੇ | ਮੀਟਿੰਗ ਵਿਚ ਮਾਨ ਸਰਕਾਰ ਵਲੋਂ ਕਿਸਾਨਾਂ ਉੱਪਰ ਕੀਤੇ ਤਸ਼ੱਦਦ ਦੀ ਜ਼ੋਰਦਾਰ ਨਿਖੇਧੀ ਕੀਤੀ | ਇਸ ਮੌਕੇ ਜਗੀਰ ਸਿੰਘ ਸਲਾਚ, ਮੱਖਣ ਸਿੰਘ ਕੁਹਾੜ, ਰਘਬੀਰ ਸਿੰਘ ਚਾਹਲ, ਅਜੀਤ ਸਿੰਘ ਹੁੰਦਲ, ਗੁਰਮੀਤ ਸਿੰਘ ਥਾਣੇਵਾਲ, ਬਲਜੀਤ ਸਿੰਘ ਕਲਾਨੌਰ, ਵੀਰ ਸਿੰਘ, ਦਿਲਬਾਗ ਸਿੰਘ, ਬਲਪ੍ਰੀਤ ਸਿੰਘ ਘਰਾਲਾ, ਕੁਲਜੀਤ ਸਿੰਘ ਸਿਧਵਾਂ ਜਮੀਤਾਂ, ਬਲਵੰਤ ਸਿੰਘ ਫਜਲਾਬਾਦ, ਕੁਲਜੀਤ ਸਿੰਘ ਰੰਧਾਵਾ, ਪੁਸ਼ਪਿੰਦਰ ਸਿੰਘ ਤੇ ਮਹਿੰਦਰ ਸਿੰਘ ਸ਼ਾਹਪੁਰ ਜਾਜਨ ਨੇ ਵੀ ਆਪਣੇ ਵਿਚਾਰ ਰੱਖੇ |