ਤਿੱਬੜ, 18 ਫਰਵਰੀ (ਭੁਪਿੰਦਰ ਸਿੰਘ ਬੋਪਾਰਾਏ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਉਪ ਮੰਡਲ ਤਿੱਬੜ ਦੇ ਕਰਮਚਾਰੀ ਨੰੂ ਇਕ ਖਪਤਕਾਰ ਵਲੋਂ ਉਸ ਨੰੂ ਘਰ ਦੇ ਬਿਜਲੀ ਮੀਟਰ ਦੀ ਬਦਲੀ ਕਰਨ ਤੋਂ ਰੋਕਣ ਅਤੇ ਗਾਲੀ ਗਲੋਚ ਕਰਨ ਦੀ ਸ਼ਿਕਾਇਤ ਥਾਣਾ ਤਿੱਬੜ ਵਿਚ ਲਿਖਤੀ ਤੌਰ 'ਤੇ ਦਿੱਤੀ ਗਈ ਸੀ | ਪੁਲਿਸ ਵਲੋਂ ਕੋਈ ਵੀ ਕਾਰਵਾਈ ਨਾ ਹੋਣ ਕਾਰਨ ਕਰਮਚਾਰੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਅੱਜ ਉਪ ਮੰਡਲ ਦੇ ਕਰਮਚਾਰੀਆਂ ਵਲੋਂ ਉਪ ਮੰਡਲ ਅਫ਼ਸਰ ਅਰੁਣ ਭਾਰਦਵਾਜ ਨਾਲ ਮੁਲਾਕਾਤ ਕਰਕੇ ਫੀਲਡ ਵਿਚ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾਇਆ ਗਿਆ ਤੇ ਬੀਤੇ ਦਿਨੀਂ ਥਾਣਾ ਤਿੱਬੜ ਨੰੂ ਜੋ ਲਿਖਤੀ ਸ਼ਿਕਾਇਤ ਕੀਤੀ ਗਈ ਸੀ, ਉਸ 'ਤੇ ਕੋਈ ਵੀ ਕਾਰਵਾਈ ਨਾ ਹੋਣ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਮੌਕੇ ਕਰਮਚਾਰੀ ਦਲ ਦੇ ਡਵੀਜ਼ਨ ਸਕੱਤਰ ਪ੍ਰੇਮ ਸਿੰਘ ਸੁਲਤਾਨਪੁਰ ਅਤੇ ਬਲਵਿੰਦਰ ਸਿੰਘ ਸੋਹਲ ਏਟਕ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਸਬ ਡਵੀਜ਼ਨ ਤਿੱਬੜ ਦਾ ਕਰਮਚਾਰੀ ਸੁਰੇਸ਼ ਕੁਮਾਰ ਲਾਈਨਮੈਨ ਖਪਤਕਾਰ ਸਤਨਾਮ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਨਵਾਂ ਪਿੰਡ ਝਾਵਰ ਦੇ ਖਰਾਬ ਹੋਏ ਘਰੇਲੂ ਬਿਜਲੀ ਮੀਟਰ ਨੰੂ ਬਦਲਣ ਲਈ ਉਸ ਦੇ ਘਰ ਗਿਆ ਸੀ, ਸਬੰਧਿਤ ਖਪਤਕਾਰ ਨੇ ਬਿਜਲੀ ਮੁਲਾਜ਼ਮ ਨੰੂ ਗਾਲੀ ਗਲੋਚ ਕਰਦੇ ਹੋਏ ਸਰਕਾਰੀ ਕੰਮ ਵਿਚ ਵਿਘਨ ਪਾਇਆ ਗਿਆ, ਉਨ੍ਹਾਂ ਨੰੂ ਮੀਟਰ ਨਹੀਂ ਲਗਾਉਣ ਦਿੱਤਾ | ਸੁਰੇਸ਼ ਕੁਮਾਰ ਲਾਈਨਮੈਨ ਨੇ ਮੁਸ਼ਕਿਲ ਨਾਲ ਉੱਥੋਂ ਭੱਜ ਕੇ ਸਾਰਾ ਮਾਮਲਾ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ | ਆਗੂਆਂ ਨੇ ਕਿਹਾ ਕਿ ਅੱਜ ਮਿਤੀ 19 ਫਰਵਰੀ ਨੰੂ ਸਬ ਡਵੀਜ਼ਨ ਅੰਦਰ ਗੇਟ ਰੈਲੀ ਕਰਕੇ ਇਕ ਸਾਂਝੀ ਸੰਘਰਸ਼ ਕਮੇਟੀ ਬਣਾਈ ਜਾਵੇਗੀ ਅਤੇ ਅਗਲੀ ਰੂਪ ਰੇਖਾ ਤਿਆਰ ਕਰਕੇ ਕਾਰਵਾਈ ਕੀਤੀ ਜਾਵੇਗੀ |