ਗੁਰਦਾਸਪੁਰ, 29 ਜਨਵਰੀ (ਚੱਕਰਾਜਾ)-ਡਿਪਟੀ ਕਮਿਸ਼ਨਰ ਤੇ ਡੀ.ਐਸ.ਈ ਐਲੀਮੈਂਟਰੀ ਦੇ ਨਿਰਦੇਸ਼ਾਂ ਅਨੁਸਾਰ ਪੀੜਤ ਅਧਿਆਪਕਾਵਾਂ ਨੂੰ ਇਨਸਾਫ਼ ਦਿਵਾਉਣ ਲਈ ਪੰਜ ਮੈਂਬਰੀ ਜਾਂਚ ਪੜਤਾਲ ਟੀਮ ਦਾ ਗਠਨ ਕੀਤਾ ਸੀ | ਇਸ ਸਬੰਧੀ ਸੰਘਰਸ਼ ਕਮੇਟੀ ਦੇ ਮੈਂਬਰ ਅਮਰਜੀਤ ਸ਼ਾਸਤਰੀ ਤੇ ਬਲਵਿੰਦਰ ਕੌਰ ਰਾਵਲਪਿੰਡੀ ਨੇ ਦੱਸਿਆ ਕਿ ਬੀ.ਪੀ.ਈ.ਓ ਕਾਦੀਆਂ 2 ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਪੀੜਤ ਪ੍ਰਾਇਮਰੀ ਸਕੂਲ 3 ਅਧਿਆਪਕਾਵਾਂ ਵਲੋਂ ਬਿਆਨ ਦਰਜ ਕਰਵਾਉਣ ਉਪਰੰਤ ਡਿਪਟੀ ਕਮਿਸ਼ਨਰ ਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਬੀ.ਪੀ.ਈ.ਓ ਖ਼ਿਲਾਫ਼ ਤੁਰੰਤ ਕਾਰਵਾਈ ਕਰਦਿਆਂ ਜ਼ਿਲ੍ਹੇ ਤੋਂ ਬਾਹਰ ਬਦਲੀ ਕਰਕੇ ਵਿਭਾਗੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਦੱਸਿਆ ਕਿ ਪੀੜਤ ਅਧਿਆਪਕਾਵਾਂ ਵਲੋਂ ਸਬੂਤਾਂ ਸਹਿਤ ਘੱਟੋ ਘੱਟ 70 ਪੇਜ ਦੀ ਬਿਆਨਾਂ ਦੀ ਲਿਖਤੀ ਰਿਪੋਰਟ ਦਰਜ ਕਰਵਾਈ ਹੈ | ਜਿਸ ਵਿਚ ਧੀਰਾ ਕਾਦੀਆਂ 2 ਸਕੂਲ ਦੀਆਂ ਅਧਿਆਪਕਾਵਾਂ ਵਲੋਂ ਬਦਲਾ ਲਊ ਭਾਵਨਾ ਨਾਲ ਕਮਾਈ ਛੁੱਟੀ ਨਾ ਦੇਣ, ਬਿਨ੍ਹਾਂ ਕਾਰਨ ਤੋਂ ਐਕਸ ਇੰਡੀਆ ਲੀਵ ਰੋਕ ਕੇ ਵਿੱਤੀ ਤੇ ਮਾਨਸਿਕ ਪ੍ਰੇਸ਼ਾਨੀ ਦੇਣ ਦੇ ਦੋਸ਼ ਲਗਾਏ ਹਨ | ਉਨ੍ਹਾਂ ਬਿਆਨਾਂ 'ਚ ਜ਼ਿਲ੍ਹਾ ਸਿੱਖਿਆ ਦਫ਼ਤਰ (ਐਲ.) ਸਕੂਲ ਦੀ ਢਿੱਲੀ ਕਾਰਗੁਜ਼ਾਰੀ ਦਾ ਵੀ ਜ਼ਿਕਰ ਕੀਤਾ ਹੈ | ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਖਹਿਰਾ ਬਲਾਕ ਫਤਹਿਗੜ ਚੂੜੀਆਂ ਦੀ ਅਧਿਆਪਕਾ ਨੇ 50 ਪੰਨਿਆਂ ਦੀ ਸ਼ਿਕਾਇਤ 'ਚ ਜਿਨਸੀ ਛੇੜਛਾੜ, ਸਰਕਾਰੀ ਪ੍ਰਾਇਮਰੀ ਸਕੂਲ ਮੰਜਿਆਂਵਾਲੀ ਤੋਂ ਖਹਿਰਾ ਸਕੂਲ 'ਚ ਬਦਲੀ ਸਮੇਂ ਰਿਲੀਵ ਕਰਨ ਸਮੇਂ 14 ਦਿਨ ਖੱਜਲ ਖ਼ੁਆਰ ਕਰਨਾ, ਆਪਣੇ ਮਹਿਰੂਮ ਪਿਤਾ ਤੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਸਰਕਾਰੀ ਵਰਡਪਰੈਸ ਗਰੁੱਪ ਵਿਚ ਗ਼ਲਤ ਢੰਗ ਨਾਲ ਟਿੱਪਣੀ ਭਰਪੂਰ ਪੋਸਟ ਪਾ ਕੇ ਮਾਨਸਿਕ ਤੇ ਭਾਵਨਾਤਮਕ ਪ੍ਰੇਸ਼ਾਨੀ ਦੇਣ, ਫਤਹਿਗੜ ਚੂੜੀਆਂ ਬਲਾਕ ਸਿੱਖਿਆ ਪ੍ਰਾਇਮਰੀ ਦਫ਼ਤਰ ਦੇ ਕਲਰਕ ਵਲੋਂ ਆਪਣੇ ਹੀ ਪੱਧਰ 'ਤੇ ਸਰਕਾਰੀ ਨਿਯਮਾਂ ਦੇ ਉਲਟ ਆਰਜ਼ੀ ਡਿਊਟੀਆਂ ਤਹਿਤ ਤਿੰਨ ਅਧਿਆਪਕਾਂ ਦਾ ਡੈਪੂਟੇਸ਼ਨ ਲਗਾਉਣਾ ਤੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਬੀ.ਪੀ.ਈ.ਓ ਕਾਦੀਆਂ-2 ਦੇ ਉਕਸਾਵੇ ਹੇਠ ਉਸ ਦਾ ਪੁਤਲਾ ਫ਼ੂਕ ਕੇ ਭੰਡੀ ਪ੍ਰਚਾਰ ਕਰਨਾ ਸ਼ਾਮਿਲ ਹੈ | ਇਸਤਰੀ ਮੁਲਾਜ਼ਮ ਤਾਲਮੇਲ ਫ਼ਰੰਟ ਦੀ ਕਨਵੀਨਰ ਬਲਵਿੰਦਰ ਕੌਰ ਰਾਵਲਪਿੰਡੀ ਨੇ ਦੱਸਿਆ ਕਿ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਰਿਵਿਊ ਮੀਟਿੰਗ 3 ਫਰਵਰੀ ਨੂੰ ਗੁਰਦਾਸਪੁਰ ਵਿਖੇ ਬੁਲਾਈ ਗਈ ਹੈ | ਜਿਸ ਵਿਚ ਗੁਰਦਾਸਪੁਰ ਜ਼ਿਲ੍ਹੇ ਦੀਆਂ ਸਮੂਹ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਦੀਆਂ ਜਥੇਬੰਦੀਆਂ ਭਾਗ ਲੈਣਗੀਆਂ | ਇਸ ਮੌਕੇ ਅਮਰਜੀਤ ਸ਼ਾਸਤਰੀ, ਸੁਰਿੰਦਰ ਸਿੰਘ ਹਰਪੁਰਾ, ਕਮਲਪ੍ਰੀਤ ਕੌਰ, ਹਰਦੀਪ ਕੌਰ, ਸੁਖਪ੍ਰੀਤ ਕੌਰ ਗਿੱਲ, ਅਤੇ ਸਰਵਜੀਤ ਸਿੰਘ ਹਾਜ਼ਰ ਸਨ |