ਬਟਾਲਾ, 29 ਜਨਵਰੀ (ਸਤਿੰਦਰ ਸਿੰਘ)-ਅੱਜ ਸੁੰਦਰ ਨਗਰ ਇਲਾਕੇ 'ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਘਰ ਅੰਦਰੋਂ ਨਾਬਾਲਗ ਲੜਕੀ ਦੀ ਭੇਦਭਰੀ ਹਲਾਤਾਂ 'ਚ ਘਰ 'ਚ ਲਾਸ਼ ਮਿਲੀ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ | ਇਸ ਸੰਬੰਧ 'ਚ ਮਿ੍ਤਕਾ ਦੀ ਮਾਂ ਪ੍ਰਵੀਨ ਪਤਨੀ ਅਸ਼ਵਨੀ ਕੁਮਾਰ ਵਾਸੀ ਸੁੰਦਰ ਨਗਰ ਨੇ ਦੱਸਿਆ ਕਿ ਉਹ ਆਪਣੇ ਲੜਕੇ ਨਾਲ ਬਾਜ਼ਾਰ ਗਈ ਹੋਈ ਸੀ ਤੇ 13 ਸਾਲਾ ਲੜਕੀ ਸੁਮਿਤੀ ਨੂੰ ਘਰ ਹੀ ਛੱਡ ਗਈ | ਜਦੋਂ ਉਹ ਬਾਜ਼ਾਰ ਤੋਂ ਵਾਪਸ ਆਈ ਤਾਂ ਦੇਖਿਆ ਕਿ ਘਰ ਦੇ ਅੰਦਰ ਪੌੜੀਆਂ ਦੇ ਨਜ਼ਦੀਕ ਉਸ ਦੀ ਲੜਕੀ ਸੁਮਿਤੀ ਮਿ੍ਤਕ ਹਾਲਤ ਵਿਚ ਪਈ ਸੀ | ਉੁਸ ਨੇ ਦੱਸਿਆ ਕਿ ਉਸ ਦਾ ਦੂਸਰਾ ਵਿਆਹ ਹੋਇਆ ਹੈ ਤੇ ਉਹ ਆਪਣੇ ਪਤੀ ਤੇ ਬੱਚਿਆਂ ਨਾਲ ਇਸ ਮਕਾਨ ਵਿਚ ਕਿਰਾਏ 'ਤੇ ਰਹਿੰਦੇ ਹਨ ਤੇ ਉਸ ਦਾ ਪਤੀ ਠੇਕੇ 'ਤੇ ਕੰਮ ਕਰਦਾ ਹੈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਵਲ ਲਾਈਨ ਦੇ ਐਸ.ਐਚ.ਓ. ਨਿਰਮਲ ਸਿੰਘ ਮੌਕੇ 'ਤੇ ਪਹੁੰਚੇ | ਐਸ.ਐਚ.ਓ. ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ ਤੇ ਘਟਨਾ ਦੇ ਪਹਿਲੂਆਂ 'ਤੇ ਜਾਂਚ ਕੀਤੀ ਜਾ ਰਹੀ ਹੈ ਤੇ ਨਜ਼ਦੀਕ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਜਾਂਚਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕਾ ਦੇ ਮਾਤਾ-ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |