ਧਾਰੀਵਾਲ, 22 ਜਨਵਰੀ (ਜੇਮਸ ਨਾਹਰ)-ਭਾਰਤ ਵਿਚ ਵੱਸਦੇ ਘੱਟ ਗਿਣਤੀ ਭਾਈਚਾਰਿਆਂ ਦੇ ਹੱਕਾਂ ਦੀ ਕਾਂਗਰਸ ਪਾਰਟੀ ਸਦਾ ਤੋਂ ਹਾਮੀ ਰਹੀ ਹੈ | ਆਪਣੇ ਰਾਜ ਅੰਦਰ ਘੱਟ ਗਿਣਤੀਆਂ ਦੇ ਹੱਕ-ਹਕੂਕ ਮਹਫੂਜ਼ ਰੱਖਣ ਲਈ ਕਾਂਗਰਸ ਪਾਰਟੀ ਦਿਨ-ਰਾਤ ਮਿਹਨਤ ਕਰਦੀ ਆ ਰਹੀ ਹੈ ਤੇ ਅੱਗੇ ਵੀ ਕਰਦੀ ਰਹੇਗੀ | ਇਹ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋ. ਇਮਾਨੁਏਲ ਨਾਹਰ ਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਤੇ ਪੰਜਾਬ ਕਿ੍ਸ਼ਚਨ ਯੂਥ ਫੈਲੋਸ਼ਿਪ ਦੇ ਪੰਜਾਬ ਪ੍ਰਧਾਨ ਡਾਕਟਰ ਸੁਭਾਸ਼ ਥੋਬਾ ਨੇ ਕੀਤਾ | ਚਰਨਜੀਤ ਸਿੰਘ ਚੰਨੀ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਇੱਥੇ ਗੱਲਬਾਤ ਕਰਦਿਆਂ ਡਾਕਟਰ ਸੁਭਾਸ਼ ਥੋਬਾ ਨੇ ਕਿਹਾ ਕਿ ਸਰਹੱਦੀ ਇਲਾਕਿਆਂ 'ਚ ਵੱਸਦਾ ਇਸਾਈ ਭਾਈਚਾਰਾ, ਜੋ ਵੱਡੇ ਪੱਧਰ 'ਤੇ ਦਲਿਤ, ਬੇਜ਼ਮੀਨਾ ਤੇ ਮਜ਼ਦੂਰ ਵਰਗ ਨਾਲ ਸੰਬੰਧਿਤ ਹੈ, ਸਦਾ ਤੋਂ ਕਾਂਗਰਸ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਦਾ ਆ ਰਿਹਾ ਹੈ ਤੇ ਅੱਗੇ ਵੀ ਚਲਦਾ ਰਹੇਗਾ | ਉਨ੍ਹਾਂ ਨੇ ਮਨਰੇਗਾ ਵਰਗੀਆਂ ਗਰੀਬ-ਹਿੱਤ ਸਕੀਮਾਂ ਵਿਚ ਲੁਕਵੇਂ ਢੰਗ ਨਾਲ ਕੀਤੀਆਂ ਤਬਦੀਲੀਆਂ ਨੂੰ ਮੰਦਭਾਗਾ ਕਰਾਰ ਦਿੱਤਾ | ਇਸ ਦੌਰਾਨ ਪ੍ਰੋ. ਇਮਾਨੁਏਲ ਨਾਹਰ ਨੇ ਕਿਹਾ ਕਿ ਕਾਂਗਰਸ ਪਾਰਟੀ ਹਰ ਜ਼ਿਲ੍ਹੇ ਵਿਚ ਇਸ ਮਾਮਲੇ ਤੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ | ਇਸ ਮੌਕੇ ਪੰਜਾਬ ਕਿ੍ਸ਼ਚਨ ਯੂਥ ਫੈਲੋਸ਼ਿਪ ਦੇ ਜ਼ਿਲ੍ਹਾ ਤਰਨ ਤਾਰਨ ਪ੍ਰਧਾਨ ਜਸਬੀਰ ਸੰਧੂ, ਸਕੱਤਰ ਯਾਦਵਿੰਦਰ ਲਾਡੀ, ਕੋਆਰਡੀਨੇਟਰ ਰਾਜ ਰੂਫਨ, ਉਪ ਪ੍ਰਧਾਨ ਈਸਾ ਦਾਸ ਟੋਨੀ, ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਵਾਰਸ ਮਸੀਹ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਐਡਵੋਕੇਟ ਅਬਰਾਹਾਮ, ਪਾਸਟਰ ਸ੍ਰੀ ਟਾਈਟਸ ਤੇ ਹੋਰ ਹਾਜ਼ਰ ਸਨ |