ਗੁਰਦਾਸਪੁਰ, 22 ਜਨਵਰੀ (ਚੱਕਰਾਜਾ)-ਬਿਜਲੀ ਨਿੱਜੀਕਰਨ ਦੇ ਵਿਰੋਧ 'ਚ ਕੀਤੇ ਐਲਾਨ ਦੇ ਚੱਲਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਗੁਰਦਾਸਪੁਰ ਦੇ ਜ਼ੋਨ ਤੇਜਾ ਸਿੰਘ ਸੁਤੰਤਰ ਵਲੋਂ ਪਿੰਡ ਕਾਲੂਪੁਰ, ਅੱਲ੍ਹੜ ਪਿੰਡੀ, ਡੁਗਰੀ, ਆਲੀਨੰਗਲ, ਆਦੀਆਂ, ਨਡਾਲਾ, ਚੱਗੂਵਾਲ, ਨੰਗਲ ਡਾਲਾ ਤੇ ਬਾਊਪੁਰ ਵਿਖੇ ਲੱਗੇੇ 38 ਦੇ ਕਰੀਬ ਸਮਾਰਟ ਮੀਟਰ ਉਤਾਰ ਕੇ ਸਬ ਡਵੀਜ਼ਨ ਦੋਰਾਂਗਲਾ ਵਿਖੇ ਜਮਾਂ ਕਰਵਾਏ ਗਏ | ਇਸ ਮੌਕੇ ਜ਼ੋਨ ਤੇਜਾ ਸਿੰਘ ਸੁਤੰਤਰ ਦੇ ਪ੍ਰਧਾਨ ਨਿਰਮਲ ਸਿੰਘ ਆਦੀ, ਪੈੱ੍ਰਸ ਸਕੱਤਰ ਸੁਖਦੇਵ ਸਿੰਘ ਅੱਲ੍ਹੜ ਪਿੰਡੀ, ਰਣਬੀਰ ਸਿੰਘ ਡੁਗਰੀ, ਸੁਖਵਿੰਦਰ ਸਿੰਘ ਅੱਲ੍ਹੜ ਪਿੰਡੀ, ਨਰਿੰਦਰ ਸਿੰਘ ਆਲੀਨੰਗਲ, ਨਿਸ਼ਾਨ ਸਿੰਘ ਬਾਊਪੁਰ, ਸਤਨਾਮ ਸਿੰਘ ਖ਼ਜ਼ਾਨਚੀ, ਕਰਨੈਲ ਸਿੰਘ ਮੱਲ੍ਹੀ, ਪ੍ਰੈੱਸ ਸਕੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਪ੍ਰੀਪੇਡ ਮੀਟਰ ਦੀ ਜਗ੍ਹਾ ਰਵਾਇਤੀ ਮਕੈਨੀਕਲ ਮੀਟਰ ਲਗਾਇਆ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਪਿਛਲੇ ਸਮੇਂ ਦੌਰਾਨ ਹੋਈਆਂ ਮੀਟਿੰਗਾਂ ਵਿਚ ਕੋਰਾ ਝੂਠ ਬੋਲਦੇ ਰਹੇ ਹਨ ਕਿ ਇਹ ਮੀਟਰ ਪ੍ਰੀਪੇਡ ਨਹੀਂ | ਪਰ ਹੁਣ ਇਹ ਖ਼ੁਦ ਮੰਨ ਚੁੱਕੇ ਹਨ ਕਿ ਇਨ੍ਹਾਂ ਵਿਚ ਮੋਬਾਈਲ ਵਾਂਗ ਪਹਿਲਾਂ ਪੈਸੇ ਪੈਣਗੇ ਤੇ ਫਿਰ ਬਿਜਲੀ ਸੁਵਿਧਾ ਮਿਲੇਗੀ | ਆਗੂਆਂ ਨੇ ਕਿਹਾ ਕਿ ਜਦੋਂ ਬਿਜਲੀ ਸੋਧ ਬਿੱਲ ਨਾਲ ਇਸ ਮੀਟਰ ਨੂੰ ਜੋੜ ਕੇ ਦੇਖਿਆ ਜਾਵੇਗਾ ਤਾਂ ਸਮਝ ਆਵੇਗੀ ਕਿ ਸਰਕਾਰ ਉਸ ਬਿੱਲ ਰਾਹੀਂ ਕਰੋਸ ਸਬਸਿਡੀ ਬੰਦ ਕਰਕੇ ਲੋਕਾਂ ਨੂੰ ਮਹਿੰਗੇ ਰੇਟਾਂ 'ਤੇ ਬਿਜਲੀ ਦੇਣ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ | ਜਿਸ ਤਹਿਤ ਲੋਕਾਂ ਕੋਲੋਂ ਭਾਰੀ ਬਿੱਲ ਐਡਵਾਂਸ 'ਚ ਇਕੱਠੇ ਕਰਨ ਲਈ ਇਹ ਦਾਅ ਖੇਡਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਇਹ ਮੁਹਿੰਮ ਹੋਰ ਤੇਜ਼ ਹੋਵੇਗੀ ਅਤੇ ਇਸ ਬਿੱਲ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਆਗੂਆਂ ਨੇ ਕਿਹਾ ਕਿ 5 ਫਰਵਰੀ ਨੂੰ ਪੰਜਾਬ ਸਰਕਾਰ ਦੇ ਵਿਧਾਇਕਾਂ ਤੇ ਮੰਤਰੀ ਦੇ ਘਰਾਂ ਦੇ ਘਿਰਾਓ ਕਰਕੇ ਕਿਸਾਨ, ਮਜ਼ਦੂਰਾਂ ਦੇ ਮਸਲੇ ਹੱਲ ਕਰਨ ਸਮੇਤ ਹੜ੍ਹ ਪੀੜਤਾਂ ਨੂੰ ਖ਼ਰਾਬੇ ਦਾ ਮੁਆਵਜ਼ਾ ਦੇਣ ਦੀ ਮੰਗ ਲਈ ਪੱਤਰ ਦਿੱਤੇ ਜਾਣਗੇ | ਇਸ ਮੌਕੇ ਦਲਬੀਰ ਸਿੰਘ ਠੁੰਡੀ, ਮਾਸਟਰ ਗੁਰਜਿੰਦਰ ਸਿੰਘ ਦੋਰਾਂਗਲਾ, ਰਣਬੀਰ ਸਿੰਘ ਡੁਗਰੀ, ਸੁੱਚਾ ਸਿੰਘ ਬਲੱਗਣ, ਨਰਿੰਦਰ ਸਿੰਘ ਆਲੀਨੰਗਲ, ਨਿਸ਼ਾਨ ਸਿੰਘ ਬਾਊਪੁਰ, ਜਪਕੀਰਤ ਹੁੰਦਲ, ਕੁਲਵੰਤ ਸਿੰਘ ਨੰਗਲ ਡਾਲਾ, ਬਾਬਾ ਰਸ਼ਪਾਲ ਸਿੰਘ, ਬੀਬੀ ਮਨਜਿੰਦਰ ਕੌਰ, ਬੀਬੀ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |