ਬਟਾਲਾ, 22 ਜਨਵਰੀ (ਸਤਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਚਹੁਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਸ ਦੇ ਚਲਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਪਿੰਡ ਕੱਲੂ ਸੋਹਲ ਤੋਂ ਬੁੱਟਰ ਕਲਾਂ ਤੱਕ ਦੀ ਲਿੰਕ ਸੜਕ ਦੀ ਵਿਸ਼ੇਸ਼ ਮੁਰੰਮਤ ਦਾ ਕੰਮ ਪਿੰਡ ਵਾਸੀਆਂ ਦੀ ਮੌਜ਼ੂਦਗੀ ਵਿਚ ਸ਼ੁਰੂ ਕਰਵਾਇਆ ਗਿਆ | ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਵਲੋਂ ਬਟਾਲਾ ਵਿਧਾਨ ਸਭਾ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਹਲਕਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਉਹ ਇਸ ਕੰਮ ਲਈ ਦਿਨ-ਰਾਤ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕੇ ਅੰਦਰ ਸਾਫ਼-ਸੁਥਰੀਆਂ ਲਿੰਕ ਸੜਕਾਂ ਦਾ ਜਾਲ ਵਿਛਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜੋ ਆਉਂਦੇ ਦਿਨਾਂ ਅੰਦਰ ਮੁਕੰਮਲ ਹੋ ਕੇ ਹਲਕੇ ਦੇ ਲੋਕਾਂ ਨੂੰ ਆਵਾਜਾਈ ਲਈ ਬਿਹਤਰ ਸਹੂਲਤਾਂ ਪ੍ਰਦਾਨ ਹੋਣਗੀਆਂ | ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪਿੰਡਾਂ ਦੀ ਵਿਕਾਸ ਪੱਖੋਂ ਨੁਹਾਰ ਬਦਲੀ ਜਾ ਰਹੀ ਹੈ ਅਤੇ ਨਵੀਆਂ ਚੁਣੀਆਂ ਪੰਚਾਇਤਾਂ ਰਾਹੀਂ ਪਿੰਡਾਂ ਵਿਚ ਪਾਰਦਰਸ਼ੀ ਢੰਗ ਨਾਲ ਕੰਮ ਕਰਵਾਏ ਜਾ ਰਹੇ ਹਨ | ਪਿੰਡਾਂ ਵਿਚ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ ਖੇਡ ਮੈਦਾਨ ਬਣਾਏ ਗਏ ਹਨ | ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ਼ ਪਾਏ ਗਏ ਹਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਨਿਪਟਾਰਾ ਕੀਤਾ ਜਾ ਰਿਹਾ ਹੈ |