ਵਡਾਲਾ ਗ੍ਰੰਥੀਆਂ, 21 ਜਨਵਰੀ (ਗੁਰਪ੍ਰਤਾਪ ਸਿੰਘ ਕਾਹਲੋਂ)-ਪਿੰਡ ਸਤਕੋਹਾ ਵਿਖੇ ਨਗਰ ਨਿਵਾਸੀਆਂ ਤੇ ਵਿਦੇਸ਼ ਵੱਸਦੇ ਐੱਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ 4 ਰੋਜ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ | ਟੂਰਨਾਮੈਂਟ ਦੇ ਜੂਨੀਅਰ ਵਰਗ ਦੇ ਫਾਈਨਲ ਮੁਕਾਬਲੇ 'ਚ ਪਿੰਡ ਸਤਕੋਹਾ ਤੇ ਪਿੰਡ ਦਆਲਗੜ੍ਹ ਦੀਆਂ ਟੀਮਾਂ ਦਰਮਿਆਨ ਮੈਚ ਖੇਡਿਆ ਗਿਆ, ਜੋ ਪਿੰਡ ਦਿਆਲਗੜ੍ਹ ਦੀ ਟੀਮ ਨੇ ਪੈਨਲਟੀਆਂ ਰਾਹੀਂ 1-0 ਨਾਲ ਜਿੱਤਿਆ | ਸੀਨੀਅਰ ਵਰਗ ਦੇ ਫਾਈਨਲ 'ਚ ਪਿੰਡ ਸਤਕੋਹਾ ਤੇ ਪਿੰਡ ਬੂਲੇਵਾਲ ਦੀਆਂ ਟੀਮਾਂ ਦਾ ਮੁਕਾਬਲਾ ਨਿਰਧਾਰਤ ਸਮੇਂ ਤੱਕ ਮੈਚ ਬਰਾਬਰੀ 'ਤੇ ਖ਼ਤਮ ਹੋਣ ਉਪਰੰਤ ਦੋਵਾਂ ਟੀਮਾਂ ਵਿਚਕਾਰ 5-5 ਪੈਨਲਟੀ ਕਿੱਕਾਂ ਲਗਾਉਣ ਦੇ ਬਾਵਜੂਦ ਵੀ ਬਰਾਬਰ ਰਿਹਾ | ਬਾਅਦ 'ਚ ਦੂਜੇ ਦੌਰ ਦੀਆਂ ਪੈਨਲਟੀਆਂ ਦੌਰਾਨ ਪਿੰਡ ਬੂਲੇਵਾਲ ਦੀ ਟੀਮ ਨੇ 1 ਗੋਲ ਨਾਲ ਜਿੱਤ ਪ੍ਰਾਪਤ ਕਰਕੇ ਸੀਨੀਅਰ ਵਰਗ ਦਾ ਖ਼ਿਤਾਬ ਆਪਣੇ ਨਾਂਅ ਕੀਤਾ | ਟੂਰਨਾਮੈਂਟ ਦੌਰਾਨ ਖੇਡ ਪ੍ਰੇਮੀਆਂ ਦੀ ਖ਼ਾਸ ਮੰਗ 'ਤੇ 40 ਸਾਲ ਤੋਂ ਉੱਪਰ ਉਮਰ ਦੇ ਖਿਡਾਰੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ, ਜਿਸ 'ਚ ਪਿੰਡ ਸਤਕੋਹਾ ਦੀ ਟੀਮ ਨੇ ਪਿੰਡ ਗੋਧਰਪੁਰ ਦੀ ਟੀਮ ਨੂੰ ਹਰਾ ਕੇ ਜਿੱਤ ਹਾਸਲ ਕੀਤੀ | ਸਮਾਪਤੀ ਸਮਾਗਮ ਦੌਰਾਨ ਪਿੰਡ ਦੇ ਸਰਪੰਚ ਪ੍ਰੇਮ ਸਿੰਘ ਵਲੋਂ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ | ਇਸ ਮੌਕੇ ਸ਼ੂਗਰਫੈੱਡ ਪੰਜਾਬ ਦੇ ਡਾਇਰੈਕਟਰ ਗੁਰਵਿੰਦਰਪਾਲ ਸਿੰਘ ਵਿੱਕੀ, ਜਸਵੰਤ ਸਿੰਘ, ਪੰਚਾਇਤ ਮੈਂਬਰ ਤਰਲੋਚਨ ਸਿੰਘ, ਰਬਿੰਦਰ ਸਿੰਘ, ਅਮਾਨਤ ਮਸੀਹ, ਹਰਨਰਿੰਦਰ ਸਿੰਘ ਜਰਮਨੀ, ਕਸ਼ਮੀਰ ਸਿੰਘ ਪ੍ਰਧਾਨ, ਰੁਪਿੰਦਰ ਸਿੰਘ ਜੇ.ਈ., ਤੇਜਪ੍ਰਤਾਪ ਸਿੰਘ ਕਾਹਲੋਂ, ਰਸਬੀਰ ਸਿੰਘ, ਅਮਨਦੀਪ ਸਿੰਘ, ਅਮਰਜੀਤ ਸਿੰਘ, ਬਲਦੇਵ ਸਿੰਘ, ਮਨਦੀਪ ਸਿੰਘ ਲਾਡੀ, ਕੁਲਦੀਪ ਸਿੰਘ, ਪਰਮਿੰਦਰ ਸਿੰਘ, ਹਰਸ਼ਰਨ ਸਿੰਘ ਗੋਨੀ, ਮਾਸਟਰ ਰਣਜੀਤ ਸਿੰਘ ਛੀਨਾ, ਹੈਪੀ ਘੁੰਮਣ, ਜਗਜੀਤ ਸਿੰਘ, ਹਰਨੇਕ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜਰ ਸਨ |