ਗੁਰਦਾਸਪੁਰ, 21 ਜਨਵਰੀ (ਚੱਕਰਾਜਾ)-ਪੰਜਾਬ ਪੁਲਿਸ ਵਲੋਂ ਤਸਕਰਾਂ ਤੇ ਗੈਂਗਸਟਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨੰੂ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਪੁਲਿਸ ਵਲੋਂ ਸਰਹੱਦ ਪਾਰ ਤੋਂ ਚੱਲ ਰਹੇ ਗੈਰ ਕਾਨੰੂਨੀ ਹਥਿਆਰਾਂ ਦੀ ਤਸਕਰੀ ਦੇ ਮਡਿਊਲ ਦਾ ਪਰਦਾਫਾਸ਼ ਕਰਦਿਆਂ ਭਾਰੀ ਮਾਤਰਾ 'ਚ ਅਸਲੇ ਸਮੇਤ ਇਕ ਵਿਅਕਤੀ ਨੰੂ ਕਾਬੂ ਕੀਤਾ ਗਿਆ | ਅੱਜ ਗੁਰਦਾਸਪੁਰ ਵਿਖੇ ਕੀਤੀ ਪ੍ਰੈੱਸ ਵਾਰਤਾ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ ਬਾਰਡਰ ਰੇਂਜ ਅੰਮਿ੍ਤਸਰ ਸੰਦੀਪ ਗੋਇਲ ਤੇ ਐਸ.ਐਸ.ਪੀ ਗੁਰਦਾਸਪੁਰ ਆਦਿੱਤਯ ਨੇ ਦੱਸਿਆ ਕਿ ਪੁਲਿਸ ਵਲੋਂ ਅਰਸ਼ਦੀਪ ਸਿੰਘ ਵਾਸੀ ਉਪਲੀ ਸਦਰ ਥਾਣਾ ਸੰਗਰੂਰ ਨੰੂ ਕਾਬੂ ਕਰਕੇ ਉਸ ਕੋਲੋਂ 5 ਆਧੁਨਿਕ ਪਿਸਟਲ 30 ਬੋਰ ਤੇ 7 ਮੈਗਜ਼ੀਨ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ 2024 ਵਿਚ ਦੁਬਈ ਤੋਂ ਵਾਪਸ ਆਇਆ ਸੀ ਤੇ ਦੋਸ਼ੀ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਦੇ ਅਗਲੇ ਪਿਛਲੇ ਸੰਪਰਕਾਂ ਨੰੂ ਜਾਂਚਿਆ ਜਾ ਰਿਹਾ ਹੈ, ਜਿਸ ਨਾਲ ਹੋਰ ਵੀ ਖ਼ੁਲਾਸੇ ਸਾਹਮਣੇ ਆ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪਿਛਲੇ ਦਿਨੀਂ ਗੁਰਦਾਸਪੁਰ ਦੇ ਜੇਲ੍ਹ ਰੋਡ ਸਥਿਤ ਡੋਮੀਨੋਜ਼ ਪੀਜ਼ਾ ਸਟੋਰ 'ਤੇ ਅਣਪਛਾਤਿਆਂ ਵਲੋਂ ਕੀਤੀ ਗਈ ਫਾਇਰਿੰਗ ਦੇ ਸਬੰਧ 'ਚ ਅਣਪਛਾਤਿਆਂ ਖ਼ਿਲਾਫ਼ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਸ ਦਿਨ ਤੋਂ ਹੀ ਪੁਲਿਸ ਵਲੋਂ ਵੱਖ- ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ | ਜਿਸ ਦੇ ਚੱਲਦਿਆਂ ਪੁਲਿਸ ਨੰੂ ਉਸ ਵਕਤ ਸਫਲਤਾ ਮਿਲੀ, ਜਦ ਪੁਲਿਸ ਵਲੋਂ ਨਿਖਲ ਠਾਕੁਰ ਉਰਫ਼ ਨਿਖਲ ਵਾਸੀ ਲਾੜੀ ਵੀਰਾਂ ਥਾਣਾ ਪੁਰਾਣਾ ਸ਼ਾਲਾ (21) ਅਤੇ ਅਭਿਸ਼ੇਕ ਵਾਸੀ ਲਾੜੀ ਵੀਰਾਂ (20) ਨੰੂ ਇਕ ਪਿਸਟਲ ਸਮੇਤ ਮੈਗਜ਼ੀਨ, ਤਿੰਨ ਰੌਂਦ, 420 ਗਰਾਮ ਹੈਰੋਇਨ ਤੇ ਵਾਰਦਾਤ ਦੌਰਾਨ ਵਰਤੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ | ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਇਕ ਨੌਜਵਾਨ ਨਿਖਲ ਜੋ ਖੇਤੀਬਾੜੀ ਦਾ ਕੰਮ ਕਰਦਾ ਹੈ ਤੇ ਦੂਜਾ ਨੌਜਵਾਨ ਅਭਿਸ਼ੇਕ ਇੱਟਾਂ ਦੇ ਭੱਠੇ 'ਤੇ ਮਜ਼ਦੂਰੀ ਦਾ ਕੰਮ ਕਰਦਾ ਹੈ | ਇਨ੍ਹਾਂ ਦੋਨਾਂ ਨੌਜਵਾਨਾਂ ਖ਼ਿਲਾਫ਼ ਬਣਦੀਆਂ ਧਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਇਨ੍ਹਾਂ ਦੇ ਸੰਪਰਕਾਂ ਦੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |