ਗੁਰਦਾਸਪੁਰ, 20 ਜਨਵਰੀ (ਚੱਕਰਾਜਾ)-ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਸੀਰਤ ਲੂਨਾ ਨੇ 69ਵੀਆਂ ਰਾਸ਼ਟਰੀ ਸਕੂਲ ਖੇਡਾਂ 2025-26 ਅੰਡਰ-14 ਵਰਗ 'ਚੋਂ ਸੋਨ ਤਗਮਾ ਜਿੱਤ ਕੇ ਆਪਣੇ ਸਕੂਲ, ਜ਼ਿਲ੍ਹੇ ਤੇ ਰਾਜ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਵਕਾਰੀ ਮੁਕਾਬਲਾ ਲੁਧਿਆਣਾ ਪੰਜਾਬ ਵਿਚ ਆਯੋਜਿਤ ਕੀਤਾ ਗਿਆ ਸੀ ਤੇ ਇਸ ਵਿਚ ਦੇਸ਼ ਭਰ ਦੇ ਪ੍ਰਤਿਭਾਸ਼ਾਲੀ ਖਿਡਾਰੀ ਸ਼ਾਮਿਲ ਹੋਏ ਸਨ | ਸੀਰਤ ਲੂਨਾ ਦੀ ਇਸ ਪ੍ਰਾਪਤੀ ਨੇ ਸਕੂਲ ਵਿਚ ਖੁਸ਼ੀ ਦਾ ਮਾਹੌਲ ਪੈਦਾ ਕਰ ਦਿੱਤਾ | ਸਕੂਲ ਦੇ ਪਿ੍ੰਸੀਪਲ ਰਾਜੀਵ ਭਾਰਤੀ ਨੇ ਸੀਰਤ ਲੂਨਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਤੇ ਉਸ ਦੀ ਸਫ਼ਲਤਾ 'ਤੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ | ਪਿ੍ੰਸੀਪਲ ਨੇ ਸਾਰੇ ਵਿਦਿਆਰਥੀਆਂ ਨੂੰ ਸੀਰਤ ਲੂਨਾ ਤੋਂ ਪ੍ਰੇਰਨਾ ਲੈਣ ਤੇ ਅਕਾਦਮਿਕ ਤੇ ਖੇਡਾਂ ਦੋਵਾਂ 'ਚ ਉੱਤਮਤਾ ਲਈ ਯਤਨ ਕਰਨ ਦੀ ਅਪੀਲ ਕੀਤੀ | ਉਨ੍ਹਾਂ ਸਾਰੇ ਬੱਚਿਆਂ ਨੂੰ ਆਪਣੀਆਂ ਮਨਪਸੰਦ ਖੇਡਾਂ 'ਚੋਂ ਇਕ ਜਾਂ ਦੋ ਖੇਡਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਸ਼ਾਮਿਲ ਕਰਨ ਲਈ ਉਤਸ਼ਾਹਿਤ ਕੀਤਾ | ਸਕੂਲ ਪ੍ਰਬੰਧਕ ਕਮੇਟੀ ਨੇ ਵੀ ਸੀਰਤ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਤੇ ਇਸ ਮਹਾਨ ਪ੍ਰਾਪਤੀ ਲਈ ਵਧਾਈ ਦਿੱਤੀ |