ਨਿੱਕੇ ਘੁੰਮਣ/ਨੌਸ਼ਹਿਰਾ ਮੱਝਾ ਸਿੰਘ, 20 ਜਨਵਰੀ (ਸਤਬੀਰ ਸਿੰਘ ਘੁੰਮਣ, ਰਵੀ ਭਗਤ)-ਸਥਾਨਕ ਕਸਬਾ ਨਿੱਕੇ ਘੰਮਣ ਅਤੇ ਇਸ ਦੇ ਆਸ-ਪਾਸ ਦੇ ਨੇੜਲੇ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਕੈਲੇ ਕਲਾਂ ਤੋਂ ਗਾਦੜੀਆਂ, ਤਾਰਾਗੜ੍ਹ, ਬੂਲੇਵਾਲ, ਉਦੋਵਾਲ, ਚੱਕ ਭੰਗਵਾਂ ਤੋਂ ਵੜੈਚ, ਗਾਦੜੀਆਂ ਤੋਂ ਜੌਹਲ ਨੰਗਲ, ਦਬੁਰਜੀ, ਰਾਜੂਵਾਲ ਅਤੇ ਛੀਨਾ ਤੋਂ ਕੋਟਲਾ ਚਾਹਲ, ਸੁਚਾਨੀਆਂ ਪਿੰਡਾਂ ਦੀਆਂ ਆਪਸ ਵਿਚ ਜੋੜਦੀਆਂ ਸੰਪਰਕ ਸੜਕਾਂ ਥਾਂ-ਥਾਂ ਤੋਂ ਟੁੱਟੀਆਂ ਤੇ ਵਡੇ-ਵੱਡੇ ਟੋਏ ਪਏ ਹੋਏ ਹੋਣ ਕਾਰਨ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ | ਇਲਾਕੇ ਦੇ ਲੋਕਾਂ ਦੱਸਿਆ ਕਿ ਅਸੀਂ ਇਨ੍ਹਾਂ ਸੜਕਾਂ ਦੀ ਪਿਛਲੇ ਕਈ ਸਾਲਾਂ ਤੋਂ ਮੁਰੰਮਤ ਦੀ ਉਡੀਕ ਵਿਚ ਹਾਂ, ਪਰ ਸਬੰਧਿਤ ਵਿਭਾਗ ਇਨ੍ਹਾਂ ਪ੍ਰਤੀ ਬੇਖਬਰ ਲਗ ਰਿਹਾ ਹੈ | ਦੱਸਣਯੋਗ ਹੈ ਕਿ ਕਸਬਾ ਨਿੱਕੇ ਘੁੰਮਣ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੀ ਯਾਦ ਵਿਚ ਸੁਸ਼ੋਭਿਤ ਗੂਰਦੁਆਰਾ ਸ਼੍ਰੀ ਤਪ ਅਸਥਾਨ ਸਾਹਿਬ, ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ, ਗੁਰਦੁਆਰਾ ਬੋਹੜੀ ਸਾਹਿਬ ਤੋਂ ਇਲਾਵਾ ਸੰਤ ਬਾਬਾ ਹਜ਼ਾਰਾ ਸਿੰਘ ਗਰਲਜ਼ ਕਾਲਜ, ਪ੍ਰਾਇਮਰੀ ਤੇ ਸੀਨੀਅਰ ਸੰਕੈਡਰੀ ਸਕੂਲ ਹੋਣ ਕਾਰਨ ਰੋਜ਼ਾਨਾ ਵੱਡੀ ਗਿਣਤੀ ਵਿਚ ਸੰਗਤਾਂ ਦੂਰ-ਦੁਰਾਡੇ ਇਲਾਕਿਆਂ ਤੋਂ ਨਸਤਮਸਤਕ ਹੋਣ ਆਉਂਦੀਆਂ ਹਨ ਅਤੇ ਨੇੜਲੇ ਪਿੰਡਾਂ ਤੋਂ ਹਜ਼ਾਰਾਂ ਬੱਚੇ ਆਪਣੇ ਦੋ ਪਹੀਆ ਵਹੀਕਲਾਂ ਤੇ ਸਕੂਲ ਬੱਸਾਂ ਰਾਹੀਂ ਵਿੱਦਿਆ ਗ੍ਰਹਿਣ ਆਉਂਦੇ ਹਨ | ਉਕਤ ਪਿੰਡਾਂ ਦੀਆਂ ਿਲੰਕ ਸੜਕਾਂ ਦੀ ਮਾੜੀ ਹਾਲਤ ਕਾਰਨ ਸ਼ਰਧਾਲੂ ਸੰਗਤਾਂ, ਸਕੂਲੀ ਬੱਚਿਆਂ ਅਤੇ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਵਿਚੋਂ ਗੁਜ਼ਰ ਕਿ ਆਪਣੀ ਮੰਜਲ ਵੱਲ ਵੱਧਣਾ ਪੈ ਰਿਹਾ ਹੈ | ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਇਸ ਸਥਾਨਿਕ ਇਲਾਕੇ ਦੇ ਆਮ ਆਦਮੀ ਪਾਰਟੀ ਦੇ ਜ਼ਿੰਮੇਵਾਰ ਆਗੂਆਂ ਨੇ ਕਿਹਾ ਕਿ ਇਲਾਕੇ ਦੀਆਂ ਸਮੁੱਚੀਆਂ ਸੜਕਾਂ ਦੇ ਨਵੀਨੀਕਰਨ ਲਈ ਹਲਕਾ ਵਿਧਾਇਕ ਵਲੋਂ ਰਸਮੀ ਤੌਰ 'ਤੇ ਉਦਘਾਟਨ ਕਰ ਦਿੱਤੇ ਗਏ ਹਨ, ਮਿਆਰੀ ਪੱਧਰ 'ਤੇ ਸੜਕਾਂ ਦੇ ਨਵੀਨੀਕਰਨ ਦੇ ਕਾਰਜ ਜੰਗੀ ਪੱਧਰ ਤੋਂ ਸ਼ੁਰੂ ਕਰਵਾਏ ਜਾ ਰਹੇ ਹਨ ਅਤੇ ਬਹੁਤ ਜਲਦੀ ਸਮੁੱਚੇ ਹਲਕੇ ਦੇ ਲੋਕਾਂ ਨੂੰ ਚੌੜੀਆਂ ਅਤੇ ਵਧੀਆ ਸਮੱਗਰੀ ਨਾਲ ਸੜਕਾਂ ਤਿਆਰ ਕਰ ਦਿੱਤੀਆਂ ਜਾਣਗੀਆਂ |