ਨਿੱਕੇ ਘੁੰਮਣ/ਨੌਸ਼ਹਿਰਾ ਮੱਝਾ ਸਿੰਘ, 20 ਜਨਵਰੀ (ਸਤਬੀਰ ਸਿੰਘ ਘੁੰਮਣ, ਰਵੀ ਭਗਤ)-ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪਿੰਡ ਡੁੱਡੀਪੁਰ ਤੋਂ ਸ਼ਰਧਾਲੂ ਸੰਗਤਾਂ ਵਲੋਂ ਸਜਾਇਆ ਗਿਆ | ਵਿਸ਼ਾਲ ਨਗਰ ਕੀਰਤਨ ਦੀ ਆਰੰਭਤਾ ਨਗਰ 'ਚ ਸੁਸ਼ੋਭਿਤ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਹੋਈ | ਇਸ ਮੌਕੇ ਰਾਗੀ, ਢਾਡੀ ਸੰਗਤਾਂ ਨੂੰ ਗੁਰਇਤਿਹਾਸ ਸੁਣਾ ਕੇ ਨਿਹਾਲ ਕਰ ਰਹੇ ਸਨ | ਨਗਰ ਕੀਰਤਨ ਦੇ ਅੱਗੇ-ਅੱਗੇ ਖਾਲਸਾਈ ਪਹਿਰਾਵੇ ਵਿਚ ਸੱਜੇ ਗੱਤਕਾ ਪਾਰਟੀ ਦੇ ਸਿੰਘ ਖਾਲਸਾਈ ਕਰਤੱਵ ਦਿਖਾ ਕੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ | ਨਗਰ ਕੀਰਤਨ ਦਾ ਪਿੰਡ ਤੇ ਇਲਾਕੇ ਦੇ ਵੱਖ-ਵੱਖ ਮੁਹੱਲਿਆਂ 'ਚ ਪ੍ਰਵੇਸ਼ ਕਰਨ 'ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਦਿਆਂ ਨਿੱਘਾ ਸਵਾਗਤ ਕੀਤਾ ਗਿਆ | ਨਗਰ ਕੀਰਤਨ ਚੂਹੜਚੱਕ ਕਾਲੋਨੀ, ਨੌਸ਼ਹਿਰਾ ਮੱਝਾ ਸਿੰਘ ਦੇ ਵੱਖ-ਵੱਖ ਮੁਹੱਲਿਆਂ ਤੋਂ ਹੁੰਦਾ ਹੋਇਆ ਮੇਨ ਬਾਜ਼ਾਰ ਰਸਤੇ ਸ਼ਾਮ ਨੂੰ ਨਗਰ ਕੀਰਤਨ ਮੁੜ ਆਪਣੇ ਆਰੰਭਕ ਅਸਥਾਨ 'ਤੇ ਸਮਾਪਤ ਹੋਇਆ | ਇਸ ਮੌਕੇ ਬਾਬਾ ਬਲਜੀਤ ਸਿੰਘ, ਗੁਰਮੁੱਖ ਸਿੰਘ ਕੇਵਲ ਸਿੰਘ, ਸਾ. ਸਰਪੰਚ ਤਰਸੇਮ ਸਿੰਘ, ਸਾ. ਚਅਰਮੈਨ ਸਵਿੰਦਰ ਸਿੰਘ, ਸੰਪੂਰਨ ਸਿੰਘ, ਰਾਜਬੀਰ ਸਿੰਘ, ਸੁਖਦੇਵ ਸਿੰਘ, ਸ਼ੰਕਰ ਸਿੰਘ, ਅਮਨਦੀਪ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ, ਅਕਾਸ਼ਦੀਪ ਸਿੰਘ ਆਦਿ ਹਾਜ਼ਰ ਸਨ |