30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਮਾਤਾ ਗੁਜਰੀ ਕਾਲਜ ਦੇ ਅੰਗਰੇਜ਼ੀ ਵਿਭਾਗ ਨੇ ਵਿਸ਼ੇਸ਼ ਭਾਸ਼ਨ ਕਰਵਾਇਆ

ਫ਼ਤਹਿਗੜ੍ਹ ਸਾਹਿਬ, 29 ਅਕਤੂਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ‘ਨਾਰੀਵਾਦੀ ਨਜ਼ਰੀਏ ਤੋਂ ਮਾਂ-ਮਮਤਾ ਦੀ ਨਵੀਂ ਵਿਆਖਿਆ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ, ਜਿਸ ਵਿਚ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਚੰਡੀਗੜ੍ਹ ਦੇ ਅੰਗਰੇਜ਼ੀ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਲਵਲੀਨ ਕੌਰ ਸੋਹੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।

ਅਜੀਤ ਡੈਸਕ 30-10-2026
ਫ਼ਤਹਿਗੜ੍ਹ ਸਾਹਿਬ, 29 ਅਕਤੂਬਰ (ਬਲਜਿੰਦਰ ਸਿੰਘ)- ਮਾਤਾ ਗੁਜਰੀ ਕਾਲਜ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵਲੋਂ ‘ਨਾਰੀਵਾਦੀ ਨਜ਼ਰੀਏ ਤੋਂ ਮਾਂ-ਮਮਤਾ ਦੀ ਨਵੀਂ ਵਿਆਖਿਆ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ, ਜਿਸ ਵਿਚ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਚੰਡੀਗੜ੍ਹ ਦੇ ਅੰਗਰੇਜ਼ੀ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਲਵਲੀਨ ਕੌਰ ਸੋਹੀ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਸ ਭਾਸ਼ਣ ਰਾਹੀਂ ਬੀ.ਏ. ਆਨਰਜ਼ ਅੰਗਰੇਜ਼ੀ, ਐਮ.ਏ. ਅੰਗਰੇਜ਼ੀ ਤੇ ਸਾਹਿਤ ਦੇ ਹੋਰ ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਵਿਚ ਮਾਂ-ਮਮਤਾ ਦੀ ਬਦਲਦੀ ਭੂਮਿਕਾ ਅਤੇ ਔਰਤਾਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਦਾ ਮੌਕਾ ਮਿਲਿਆ। ਡਾ. ਲਵਲੀਨ ਕੌਰ ਸੋਹੀ ਨੇ ਭਾਸ਼ਣ ਦੌਰਾਨ ਨਾਰੀਵਾਦੀ ਨਜ਼ਰੀਏ ਤੋਂ ਮਾਂ-ਮਮਤਾ ਦੀ ਧਾਰਨਾ ਦੀ ਵਿਸਥਾਰ ਵਿਚ ਵਿਆਖਿਆ ਕਰਦਿਆਂ ਕਿਹਾ ਕਿ ਸਮਾਜ ਵਿਚ ਅਕਸਰ ਮਾਂ ਦੀ ਭੂਮਿਕਾ ਨੂੰ ਰਵਾਇਤੀ ਅਤੇ ਸਮਾਜੀ ਤਰੀਕਿਆਂ ਦੇ ਆਧਾਰ ’ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ, ਜਦਕਿ ਮਾਂ-ਮਮਤਾ ਨੂੰ ਸਿਰਫ਼ ਰਵਾਇਤੀ ਸੋਚ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ । ਉਨ੍ਹਾਂ ਨੇ ਔਰਤਾਂ ਤੇ ਮਰਦਾਂ ਨੂੰ ਬਰਾਬਰ ਦੇ ਅਧਿਕਾਰ ਦੇਣ, ਘਰੇਲੂ ਜ਼ਿੰਮੇਵਾਰੀਆਂ ਨੂੰ ਆਪਸੀ ਸਹਿਯੋਗ ਨਾਲ ਨਿਭਾਉਣ ਤੇ ਔਰਤਾਂ ਨੂੰ ਆਪਣੀ ਜ਼ਿੰਦਗੀ ਨਾਲ ਸਬੰਧਿਤ ਫ਼ੈਸਲੇ ਖ਼ੁਦ ਲੈਣ ਦੇ ਸਮਰੱਥ ਬਣਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਰੂੜ੍ਹੀਵਾਦੀ ਧਾਰਨਾਵਾਂ ਨੂੰ ਬਦਲਣ ਅਤੇ ਇਕ ਅਜਿਹਾ ਚੰਗਾ ਸਚਿਆਰ ਸਮਾਜ ਸਿਰਜਣ ਲਈ ਪ੍ਰੇਰਿਤ ਕੀਤਾ ਜਿੱਥੇ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਤੇ ਮੌਕੇ ਮਿਲਣ। ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਗੌਰੀ ਹਾਂਡਾ ਨੇ ਕਿਹਾ ਕਿ ਨਾਰੀਵਾਦ ਨੂੰ ਰਵਾਇਤੀ ਸਮਾਜਿਕ ਅਤੇ ਸਭਿਆਚਾਰਕ ਧਾਰਨਾਵਾਂ ਤੱਕ ਸੀਮਤ ਕਰਕੇ ਨਹੀਂ ਦੇਖਣਾ ਚਾਹੀਦਾ। ਉਨ੍ਹਾਂ ਨੇ ਔਰਤਾਂ ਦੇ ਅਨੁਭਵ, ਨਿੱਜੀ ਹਸਤੀ, ਪਛਾਣ ਤੇ ਚੋਣ ਨੂੰ ਸਮਝਣ ਤੇ ਉਨ੍ਹਾਂ ਦਾ ਸਤਿਕਾਰ ਕਰਨ ਵਿਚ ਨਾਰੀਵਾਦੀ ਨਜ਼ਰੀਏ ਦੀ ਮਹੱਤਤਾ ’ਤੇ ਚਾਨਣਾ ਪਾਇਆ। ਅਕਾਦਮਿਕ ਗਤੀਵਿਧੀਆਂ ਦੇ ਇੰਚਾਰਜ ਪ੍ਰੋ. ਹਰਬੀਰ ਕੌਰ ਨੇ ਨਾਰੀਵਾਦ ਨੂੰ ਉਸ ਦੇ ਅਸਲ ਅਤੇ ਕੁਦਰਤੀ ਅਰਥਾਂ ਵਿਚ ਸਮਝਣ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਇਹ ਸਪਸ਼ਟ ਕੀਤਾ ਕਿ ਨਾਰੀਵਾਦ ਨੂੰ ਸਮਾਜ ਵਿਰੋਧੀ ਲਹਿਰ ਵਜੋਂ ਨਹੀਂ ਦੇਖਣਾ ਚਾਹੀਦਾ ਸਗੋਂ ਇਹ ਸਮਾਨਤਾ, ਸਨਮਾਨ ਅਤੇ ਨਿਆਂ ਦੀ ਵਕਾਲਤ ਕਰਨ ਵਾਲਾ ਇਕ ਨਜ਼ਰੀਆ ਹੈ। ਉਨ੍ਹਾਂ ਨੇ ਕਿਹਾ ਕਿ ਪੱਛਮ ਵਿਚ ਪੈਦਾ ਹੋਏ ਨਾਰੀਵਾਦੀ ਸਿਧਾਂਤ ਅਤੇ ਇਤਿਹਾਸ ਨੂੰ ਪੰਜਾਬ ਅਤੇ ਸਿੱਖੀ ਦੇ ਨਜ਼ਰੀਏ ਤੋਂ ਮੁੜ ਪਰਿਭਾਸ਼ਿਤ ਕਰਨ ਦੀ ਲੋੜ ਹੈ। ਸਮਾਗਮ ਦੇ ਅਖੀਰ ਵਿਚ ਡਾ. ਬ੍ਰਹਮਜੋਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਸਮੂਹ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ।
ਪਿਛਲੀ ਖ਼ਬਰ ਵਪਾਰ ਨੂੰ ਨੁਕਸਾਨ ਪਹੁੰਚਾਉਣਾ ਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਬੇਹੱਦ ਨਿੰਦਣਯੋਗ- ਰਣਦੀਪ ਸਿੰਘ ਨਾਭਾ ਅਗਲੀ ਖ਼ਬਰ ਹਲਕੇ ਦੇ ਖੇਡ ਮੈਦਾਨ ਨੂੰ ਪੂਰੀਆਂ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ- ਵਿਧਾਇਕ ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।