ਜ਼ਿਲ੍ਹੇ ਦੇ 10 ਹੌਟਸਪੋਟ ਥਾਵਾਂ ਨੂੰ ਨਸ਼ਿਆਂ ਦੇ ਹਨੇਰੇ ’ਚੋਂ ਕੱਢ ਕੇ ਖੇਡ ਮੈਦਾਨਾਂ, ਲਾਇਬ੍ਰੇਰੀਆਂ, ਪਾਰਕਾਂ ’ਚ ਕੀਤਾ ਜਾਵੇਗਾ ਤਬਦੀਲ– ਡੀ. ਸੀ.
ਫ਼ਤਹਿਗੜ੍ਹ ਸਾਹਿਬ, 13 ਅਕਤੂਬਰ (ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ)- ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਲੋਕਾਂ ਦੇ ਸਹਿਯੋਗ ਨਾਲ ਪਹਿਚਾਣ ਹੋਈਆਂ 10 ਥਾਵਾਂ, ਜਿੱਥੇ ਨਸ਼ਾ ਕਰਦੇ ਲੋਕਾਂ ਨੂੰ ਆਮ ਤੌਰ ਤੇ ਵੇਖਿਆ ਜਾਂਦਾ ਹੈ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਅਤੇ ਡਿਪਟੀ ਕਮਿਸ਼ਨਰ ਨੇ ਸਾਂਝੇ ਤੌਰ ’ਤੇ ਕੋਟਲਾ ਬਜਵਾੜਾ, ਰਾਮ ਨਗਰ, ਦਾਦੂ ਮਾਜਰਾ ਅਤੇ ਕੋਟਲਾ ਜੱਟਾਂ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਹਲਕਾ ਅਮਲੋਹ ਵਿਚ ਵੀ 6 ਅਜਿਹੇ ਸਥਾਨਾਂ ਦੀ ਸ਼ਨਾਖ਼ਤ ਹੋਈ ਹੈ।
ਫ਼ਤਹਿਗੜ੍ਹ ਸਾਹਿਬ, 13 ਅਕਤੂਬਰ (ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ)- ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਲੋਕਾਂ ਦੇ ਸਹਿਯੋਗ ਨਾਲ ਪਹਿਚਾਣ ਹੋਈਆਂ 10 ਥਾਵਾਂ, ਜਿੱਥੇ ਨਸ਼ਾ ਕਰਦੇ ਲੋਕਾਂ ਨੂੰ ਆਮ ਤੌਰ ਤੇ ਵੇਖਿਆ ਜਾਂਦਾ ਹੈ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਅਤੇ ਡਿਪਟੀ ਕਮਿਸ਼ਨਰ ਨੇ ਸਾਂਝੇ ਤੌਰ ’ਤੇ ਕੋਟਲਾ ਬਜਵਾੜਾ, ਰਾਮ ਨਗਰ, ਦਾਦੂ ਮਾਜਰਾ ਅਤੇ ਕੋਟਲਾ ਜੱਟਾਂ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਹਲਕਾ ਅਮਲੋਹ ਵਿਚ ਵੀ 6 ਅਜਿਹੇ ਸਥਾਨਾਂ ਦੀ ਸ਼ਨਾਖ਼ਤ ਹੋਈ ਹੈ। ਡਿਪਟੀ ਕਮਿਸ਼ਨਰ ਨੇ ਪੇਂਡੂ ਡਿਫੈਂਸ ਕਮੇਟੀਆਂ ਅਤੇ ਵਾਰਡ ਡਿਫੈਂਸ ਕਮੇਟੀਆਂ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਸਮੇਂ-ਸਮੇਂ ਤੇ ਪੁਖ਼ਤਾ ਜਾਣਕਾਰੀ ਪਹੁੰਚਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੀਆਂ ਇਨ੍ਹਾਂ ਸ਼ੱਕੀ ਥਾਵਾਂ ਤੇ ਗਰਾਊਂਡ ਮੈਦਾਨਾਂ ਅਤੇ ਖੁੱਲ੍ਹੀਆਂ ਥਾਂਵਾਂ ਨੂੰ ਨਸ਼ਿਆਂ ਦੇ ਹਨੇਰੇ ਵਿਚ ਕੱਢਕੇ ਖੇਡ ਮੈਦਾਨਾਂ, ਲਾਇਬਰ੍ਰੇਰੀਆਂ, ਪਾਰਕਾਂ ਵਿਚ ਤਬਦੀਲ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਦੀ ਆਬਾਦੀ ਤੋਂ ਬਾਹਰ ਅਜਿਹੀਆਂ ਥਾਵਾਂ ਨੂੰ ਬਿਜਲੀ, ਸੀ. ਸੀ. ਟੀ. ਵੀ. ਕੈਮਰਿਆਂ ਨਾਲ ਲੈਸ ਕੀਤਾ ਜਾਵੇਗਾ, ਤਾਂ ਜੋ ਕੋਈ ਸ਼ਰਾਰਤੀ ਅਨਸਰ ਸੂਚਨਾ ਆਧਾਰਤ ਇਨ੍ਹਾਂ ਹੌਟਸਪੌਟ ਥਾਵਾਂ ਦੀ ਦੁਰਵਰਤੋਂ ਨਾ ਕਰ ਸਕੇ। ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ਼ੁੁਭਮ ਅਗਰਵਾਲ ਨੇ ਹੌਟਸਪੌਟ ਥਾਵਾਂ ਤੇ ਪਿੰਡਾਂ ਦੇ ਵਸਨੀਕਾਂ ਨੂੰ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਅੰਦਰ ਸਹਿਯੋਗ ਕਰਨ ਅਤੇ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਿਲ ਵਿਅਕਤੀਆਂ ਦੀ ਸੂਚਨਾ ਸਾਂਝੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕੋਹੜ ਨੂੰ ਮੁਕੰਮਲ ਤੌਰ ’ਤੇ ਖ਼ਤਮ ਕਰਨ ਲਈ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਸਮਾਜਿਕ, ਧਾਰਮਿਕ ਜਥੇਬੰਦੀਆਂ ਨੂੰ ਇਕ ਮੰਚ ਦੇ ਇਕੱਠਾ ਹੋਣਾ ਸਮੇਂ ਦੀ ਲੋੜ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਿਲ ਮਾੜੇ ਅਨਸਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆ ਰਹੀ ਹੈ ਅਤੇ ਭਵਿੱਖ ਅੰਦਰ ਅਜਿਹੇ ਕਿਸੇ ਵੀ ਸਮਾਜ ਵਿਰੋਧੀ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ, ਨਸ਼ਿਆਂ ਨਾਲ ਪੀੜਤ ਵਿਅਕਤੀਆਂ ਦਾ ਇਲਾਜ ਕਰਵਾ ਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾਵੇਗਾ ਅਤੇ ਹੁਨਰ ਸਿਖਲਾਈ ਦੇਣ ਤੇ ਰੋਜ਼ਗਾਰ ਦੇ ਮੌਕਿਆਂ ਨਾਲ ਜੋੜਨ ਲਈ ਵੀ ਸਬੰਧਿਤ ਵਿਭਾਗਾਂ ਦੇ ਸਹਿਯੋਗ ਨਾਲ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਰਬੀਰ ਕੌਰ ਭੁੱਲਰ, ਐਸ.ਪੀ.ਅਮਨਦੀਪ ਸਿੰਘ ਬਰਾੜ, ਐਸ. ਡੀ. ਐਮ. ਫ਼ਤਹਿਗੜ੍ਹ ਸਾਹਿਬ ਕਰੁਣ ਗੁਪਤਾ, ਡੀ. ਐਸ. ਪੀ .ਰਾਜ ਕੁਮਾਰ, ਡੀ. ਡੀ. ਪੀ. ਓ. ਜਸਪ੍ਰੀਤ ਕੌਰ, ਡੀ. ਐਸ. ਪੀ. ਹਰਤੇਸ਼ ਕੌਸ਼ਿਕ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।