ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਸਖ਼ਤ ਕਾਰਵਾਈ ਤਹਿਤ ਦਲੀਪ ਨਗਰ ਤੇ ਸੁਰਜੀਤ ਨਗਰ ’ਚ ਗੈਰ-ਕਾਨੂੰਨੀ ਉਸਾਰੀਆਂ ਢਾਹੀਆਂ
ਮੰਡੀ ਗੋਬਿੰਦਗੜ੍ਹ, 14 ਅਗਸਤ (ਰਾਜੇਸ਼ ਸ਼ਰਮਾ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੰਡੀ ਗੋਬਿੰਦਗੜ੍ਹ ਦੇ ਦਲੀਪ ਨਗਰ ਤੇ ਸੁਰਜੀਤ ਨਗਰ ਵਿਖੇ ਨਸ਼ਾ ਤਸਕਰੀ ਨਾਲ ਸੰਬੰਧਿਤ ਦੱਸੀਆਂ ਜਾ ਰਹੀਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਨਗਰ ਕੌਂਸਲ ਤੇ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਢਾਹ ਦਿੱਤਾ ਗਿਆ। ਇਸ ਕਾਰਵਾਈ ਮੌਕੇ ਐਸ.
ਮੰਡੀ ਗੋਬਿੰਦਗੜ੍ਹ, 14 ਅਗਸਤ (ਰਾਜੇਸ਼ ਸ਼ਰਮਾ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੰਡੀ ਗੋਬਿੰਦਗੜ੍ਹ ਦੇ ਦਲੀਪ ਨਗਰ ਤੇ ਸੁਰਜੀਤ ਨਗਰ ਵਿਖੇ ਨਸ਼ਾ ਤਸਕਰੀ ਨਾਲ ਸੰਬੰਧਿਤ ਦੱਸੀਆਂ ਜਾ ਰਹੀਆਂ ਗੈਰ-ਕਾਨੂੰਨੀ ਉਸਾਰੀਆਂ ਨੂੰ ਨਗਰ ਕੌਂਸਲ ਤੇ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਢਾਹ ਦਿੱਤਾ ਗਿਆ। ਇਸ ਕਾਰਵਾਈ ਮੌਕੇ ਐਸ. ਐਸ. ਪੀ. ਸ਼ੁਭਮ ਅਗਰਵਾਲ, ਐਸ. ਪੀ. (ਪੀ. ਬੀ. ਆਈ.) ਜਸਕੀਰਤ ਸਿੰਘ, ਡੀ. ਐਸ. ਪੀ. ਅਮਲੋਹ ਬਿਕਰਮਜੀਤ ਸਿੰਘ ਘੁੰਮਣ ਅਤੇ ਥਾਣਾ ਮੰਡੀ ਗੋਬਿੰਦਗੜ੍ਹ ਦੇ ਐਸ. ਐਚ. ਓ. ਸੰਦੀਪ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਮੌਜੂਦ ਸਨ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚੇਤਨ ਸ਼ਰਮਾ, ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ, ਸੁਪਰਡੈਂਟ ਸੈਨੀਟੇਸ਼ਨ ਵਿਭਾਗ ਸੰਦੀਪ ਸ਼ਰਮਾ ਤੇ ਕੌਂਸਲ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਕੇ ’ਤੇ ਹਾਜ਼ਰ ਰਹੇ। ਜਾਣਕਾਰੀ ਅਨੁਸਾਰ ਦੋਵਾਂ ਜਾਇਦਾਦਾਂ ਸੰਬੰਧੀ ਨਗਰ ਕੌਂਸਲ ਵਲੋਂ ਕੁਝ ਦਿਨ ਪਹਿਲਾਂ ਨੋਟਿਸ ਜਾਰੀ ਕਰਕੇ ਸੰਬੰਧਿਤ ਜਾਇਦਾਦ ਮਾਲਕਾਂ ਨੂੰ ਜਾਇਦਾਦ ਸੰਬੰਧੀ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ ਸੀ। ਨਿਰਧਾਰਿਤ ਸਮੇਂ ਦੌਰਾਨ ਤਸੱਲੀਬਖ਼ਸ਼ ਰਿਕਾਰਡ ਪੇਸ਼ ਨਾ ਕੀਤੇ ਜਾਣ ਉਪਰੰਤ ਨਗਰ ਕੌਂਸਲ ਦੇ ਅਧਿਕਾਰੀ ਪੁਲਿਸ ਸੁਰੱਖਿਆ ਹੇਠ ਜੇ. ਸੀ. ਬੀ. ਮਸ਼ੀਨ ਤੇ ਹੋਰ ਅਮਲੇ ਸਮੇਤ ਮੌਕੇ ’ਤੇ ਪੁੱਜੇ ਅਤੇ ਗੈਰ-ਕਾਨੂੰਨੀ ਉਸਾਰੀਆਂ ਨੂੰ ਢਾਹ ਦਿੱਤਾ ਗਿਆ। ਇਸ ਮੌਕੇ ਐਸ. ਐਸ. ਪੀ. ਸ਼ੁਭਮ ਅਗਰਵਾਲ ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪਿਛਲੇ ਇਕ ਸਾਲ ਦੌਰਾਨ ਜ਼ਿਲ੍ਹੇ ਵਿਚ 4 ਹਜ਼ਾਰ ਤੋਂ ਵੱਧ ਵੱਡੇ-ਛੋਟੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਕਰੀਬ 2 ਹਜ਼ਾਰ ਵਿਅਕਤੀਆਂ ਦਾ ਨਸ਼ਾ ਛੁਡਾਊ ਇਲਾਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਕਾਲੇ ਕਾਰੋਬਾਰ ਨਾਲ ਬਣਾਈਆਂ ਗਈਆਂ 15 ਤੋਂ ਵੱਧ ਗੈਰ-ਕਾਨੂੰਨੀ ਜਾਇਦਾਦਾਂ ਨੂੰ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਢਾਹਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸੁਰਜੀਤ ਨਗਰ ਵਿਖੇ ਗੌਰਵ ਨਾਮਕ ਵਿਅਕਤੀ ਵਲੋਂ ਬਣਾਈ ਗਈ ਗੈਰ-ਕਾਨੂੰਨੀ ਇਮਾਰਤ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ। ਐਸ. ਐਸ. ਪੀ. ਨੇ ਕਿਹਾ ਕਿ ਗੈਰ-ਕਾਨੂੰਨੀ ਉਸਾਰੀਆਂ ਖ਼ਿਲਾਫ਼ ਕਾਰਵਾਈ ਦੌਰਾਨ ਕਾਨੂੰਨ ਦੀ ਨਿਯਮ ਅਨੁਸਾਰ ਪਾਲਨਾ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲਿਆਉਣ ਲਈ ਪੁਲਿਸ ਵਲੋਂ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ। ਪੁਲਿਸ ਦੇ ਜਾਂਚ ਅਧਿਕਾਰੀ ਅਦਾਲਤਾਂ ਵਿਚ ਵੀ ਸਖ਼ਤ ਕਾਨੂੰਨੀ ਕਾਰਵਾਈ ਤੇ ਜ਼ਮਾਨਤ ਰੱਦ ਕਰਵਾਉਣ ਲਈ ਪੈਰਵੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ, ਵਾਰਡ ਕਮੇਟੀਆਂ ਅਤੇ ਵਿਲੇਜ ਡਿਫੈਂਸ ਕਮੇਟੀਆਂ ਵਲੋਂ ਵੀ ਲਿਖਤੀ ਤੌਰ ’ਤੇ ਇਹ ਭਰੋਸਾ ਦਿੱਤਾ ਗਿਆ ਹੈ ਕਿ ਉਹ ਨਸ਼ਾ ਤਸਕਰਾਂ ਦੀ ਜ਼ਮਾਨਤ ਜਾਂ ਗਾਰੰਟੀ ਨਹੀਂ ਦੇਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਨਸ਼ਾ ਤਸਕਰੀ ਜਾਂ ਕਿਸੇ ਹੋਰ ਸਮਾਜ ਵਿਰੋਧੀ ਗਤੀਵਿਧੀ ਸੰਬੰਧੀ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ‘ਸੇਫ਼ ਪੰਜਾਬ’ ਹੈਲਪ ਲਾਈਨ ਜਾਂ 112 ’ਤੇ ਸੂਚਿਤ ਕਰਨ। ਪੁਲਿਸ ਨੇ ਭਰੋਸਾ ਦਿੱਤਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਸੂਚਨਾ ’ਤੇ ਸਮਾਂਬੱਧ ਢੰਗ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।