03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਅਮਲੋਹ ਮੰਡੀ ਵਿਚ ਮੱਛਰਾਂ ਦੀ ਭਰਮਾਰ, ਮੱਛਰਾਂ ਨੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦੇ ਨੱਕ ਵਿਚ ਕੀਤਾ ਦਮ <br/>

ਮੰਡੀ ਵਿਚ ਆਪਣੀ ਕਣਕ ਵੇਚਣ ਆਇਆ ਪਿੰਡ ਦਰਗਾਪੁਰ ਦਾ ਕਿਸਾਨ ਗੁਰਸੇਵਕ ਸਿੰਘ ਆਪਣੇ ਇਕ ਹੋਰ ਸਾਥੀ ਨਾਲ ਮੱਛਰਦਾਨੀ ਲੱਗਾ ਕੇ ਮੱਛਰਾਂ ਤੋਂ ਬਚਣ ਦੀ ਕੋਸ਼ਿਸ਼ ਵਿਚ | ਤਸਵੀਰ: ਗਿੱਲ <br/> 20-04-2026
ਅਮਲੋਹ, 19 ਅਪ੍ਰੈਲ (ਹਰਪ੍ਰੀਤ ਸਿੰਘ ਗਿੱਲ)-ਮਾਰਕੀਟ ਕਮੇਟੀ ਅਮਲੋਹ, ਜੋ ਹਰ ਸਾਲ ਕਿਸਾਨਾਂ ਕੋਲੋਂ ਮਾਰਕੀਟ ਫ਼ੀਸ ਦੇ ਰੂਪ ਵਿਚ ਕਰੋੜਾਂ ਰੁਪਏ ਦੀ ਫ਼ੀਸ ਇਕੱਠੀ ਕਰਦੀ ਹੈ, ਕਿਸਾਨਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ, ਜਿਸ ਦਾ ਪ੍ਰਤੱਖ ਪ੍ਰਮਾਣ ਅੱਜ ਮੰਡੀ ਦੇ ਦੌਰੇ ਦੌਰਾਨ ਉਸ ਵੇਲੇ ਦੇਖਣ ਨੂੰ ਮਿਲਿਆ, ਜਦੋਂ ਕਈ ਕਿਸਾਨ ਮੱਛਰਾਂ ਦੇ ਪ੍ਰਕੋਪ ਤੋਂ ਬਚਣ ਲਈ ਆਪਣੇ ਘਰਾਂ ਤੋਂ ਲਿਆਂਦੀਆਂ ਮੱਛਰਦਾਨੀਆਂ ਲਗਾ ਕੇ ਕਣਕ ਦੀਆਂ ਬੋਰੀਆਂ ਉੱਪਰ ਰਾਤ ਕੱਟਣ ਲਈ ਮਜਬੂਰ ਦਿਖਾਈ ਦਿੱਤੇ | ਮੰਡੀ ਵਿਚ ਮੱਛਰਾਂ ਦੀ ਇੰਨੀ ਜ਼ਿਆਦਾ ਭਰਮਾਰ ਹੈ ਕਿ ਸੂਰਜ ਢਲਦੇ ਹੀ ਕਿਸਾਨਾਂ ਲਈ ਆਪਣੀ ਫ਼ਸਲ ਦੀ ਰਾਖੀ ਕਰਨਾ ਇਕ ਵੱਡੀ ਚੁਨੌਤੀ ਬਣ ਜਾਂਦਾ ਹੈ | ਪਿੰਡ ਭੜੀ ਪਨੈਚਾਂ ਤੋਂ ਕਣਕ ਵੇਚਣ ਆਏ ਕਿਸਾਨ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਦਿਨ ਵੇਲੇ ਕੜਕਦੀ ਧੁੱਪ ਵਿਚ ਵਾਢੀ ਕਰਵਾਉਣ ਤੋਂ ਬਾਅਦ ਜਦੋਂ ਉਹ ਸ਼ਾਮ ਨੂੰ ਟਰਾਲੀਆਂ ਲੈ ਕੇ ਮੰਡੀ ਪਹੁੰਚਦੇ ਹਨ ਤਾਂ ਇੱਥੇ ਮੱਛਰ ਉਨ੍ਹਾਂ ਦਾ ਬੈਠਣਾ ਮੁਸ਼ਕਿਲ ਕਰ ਦਿੰਦਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਜ਼ਿੰਮੇਵਾਰ ਅਧਿਕਾਰੀਆਂ ਨੂੰ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਕਿਸੇ ਨੇ ਵੀ ਇਸ ਗੰਭੀਰ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ, ਮੰਡੀ ਵਿਚ ਕੰਮ ਕਰਨ ਵਾਲੇ ਪੱਲੇਦਾਰਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਵਿਚ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਤੋਂ ਫੋਗਿੰਗ ਮਸ਼ੀਨਾਂ ਮੰਗਵਾ ਕੇ ਮੱਛਰ ਮਾਰਨ ਲਈ ਮੰਡੀ ਵਿਚ ਧੂੰਆਂ ਕਰਵਾਇਆ ਜਾਂਦਾ ਸੀ, ਪਰ ਇਸ ਵਾਰ ਸੀਜ਼ਨ ਸ਼ੁਰੂ ਹੋਏ ਨੂੰ 10 ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਇਕ ਵਾਰ ਵੀ ਫੋਗਿੰਗ ਨਹੀਂ ਕਰਵਾਈ ਗਈ | ਵਰਨਣਯੋਗ ਹੈ ਕਿ ਜੇਕਰ ਮੰਡੀ ਵਿਚ ਤੁਰੰਤ ਫੋਗਿੰਗ ਦਾ ਪ੍ਰਬੰਧ ਨਾ ਕੀਤਾ ਤਾਂ ਮੰਡੀ ਵਿਚ ਮਲੇਰੀਆ ਵਰਗੀ ਭਿਆਨਕ ਬਿਮਾਰੀ ਫੈਲ ਸਕਦੀ ਹੈ |

ਪਿਛਲੀ ਖ਼ਬਰ ਭਗਵਾਨ ਪਰਸ਼ੂਰਾਮ ਜਨਮ ਉਤਸਵ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਪੰਜਾਬ ਸਰਕਾਰ ਸੂਬੇ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ ਪੂਰੀ ਤਰ੍ਹਾਂ ਵਚਨਬੱਧ-ਵਿਧਾਇਕ ਰਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।