ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਖੇਡ ਵਿਭਾਗ ਵਲੋਂ ਕਾਲਜ ਦੇ ਨਵਾਬ ਸ਼ੇਰ ਮੁਹੰਮਦ ਖਾਂ ਸਟੇਡੀਅਮ ਵਿਚ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ | ਇਸ ਮੌਕੇ ਕਪਤਾਨ ਪੁਲਿਸ (ਐਚ) ਹਰਵੰਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਮੈਂਬਰ ਟਰੱਸਟ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਤੇ ਜਥੇਦਾਰ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਅਤੇ ਪਿ੍ੰਸੀਪਲ ਡਾ. ਲਖਵੀਰ ਸਿੰਘ ਨੇ ਸਾਂਝੇ ਤੌਰ 'ਤੇ ਝੰਡੇ ਦੀ ਰਸਮ ਅਦਾ ਕਰਕੇ ਰਸਮੀ ਤੌਰ 'ਤੇ ਅਥਲੈਟਿਕ ਮੀਟ ਦੀ ਸ਼ੁਰੂਆਤ ਕਰਵਾਈ | ਇਸ ਸਮੇਂ ਵੱਖ-ਵੱਖ ਵਿਭਾਗਾਂ ਦੇ ਮੁਖੀ, ਡੀਨ, ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ | ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਹਰਵੰਤ ਕੌਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੂਰ ਰਹਿਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਡਾਂ ਜਿੱਥੇ ਨੌਜਵਾਨਾਂ ਨੂੰ ਸਿਹਤਮੰਦ ਬਣਾਉਣ ਦੇ ਨਾਲ-ਨਾਲ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀਆਂ ਹਨ ਉੱਥੇ ਹੀ ਉਨ੍ਹਾਂ ਨੂੰ ਸਮਾਜਿਕ ਬੁਰਾਈਆਂ ਖ਼ਾਸਕਰ ਨਸ਼ੇ ਤੋਂ ਦੂਰ ਰੱਖਣ ਵਿਚ ਵੀ ਸਹਾਈ ਹੁੰਦੀਆਂ ਹਨ | ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਦੌੜਾਂ ਅਤੇ ਮੈਦਾਨੀ ਮੁਕਾਬਲਿਆਂ ਵਿਚ ਭਾਗ ਲਿਆ | ਦੌੜਾਂ ਵਿਚ 100, 200, 400 ਮੀਟਰ ਅਤੇ 800 ਮੀਟਰ ਹੋਈਆਂ | ਮੈਦਾਨੀ ਮੁਕਾਬਲਿਆਂ ਵਿਚ ਸ਼ਾਟ ਪੁੱਟ, ਡਿਸਕਸ ਥਰੋਅ, ਲੰਬੀ ਛਾਲ ਅਤੇ ਰੱਸਾਕਸ਼ੀ ਸ਼ਾਮਲ ਰਹੇ | ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਸਲੀਨ ਕੌਰ ਨੇ ਲੜਕੀਆਂ 'ਚੋਂ 'ਬੈਸਟ ਅਥਲੀਟ' ਦਾ ਖ਼ਿਤਾਬ ਜਿੱਤਿਆ, ਜਦਕਿ ਲੜਕਿਆਂ ਵਿਚ ਆਕਾਸ਼ ਕੁਮਾਰ ਨੇ 'ਬੈਸਟ ਅਥਲੀਟ' ਦਾ ਖ਼ਿਤਾਬ ਆਪਣੇ ਨਾਮ ਕੀਤਾ | ਸਰਵੋਤਮ ਖੇਡ ਟਰਾਫ਼ੀ ਲਈ ਹੋਏ ਮੁਕਾਬਲੇ ਵਿਚ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿਭਾਗ ਨੇ ਪਹਿਲਾ ਅਤੇ ਐਗਰੀਕਲਚਰ ਇੰਜੀਨੀਅਰਿੰਗ ਵਿਭਾਗ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਮਾਰਚ ਪਾਸਟ ਦੌਰਾਨ ਨੈਸ਼ਨਲ ਕੈਡੇਟ ਕੋਰ ਦੀ ਟੁਕੜੀ ਨੇ ਸਭ ਦੇ ਦਿਲਾਂ ਨੂੰ ਮੋਹ ਲਿਆ ਅਤੇ 'ਸਰਵੋਤਮ ਟੁਕੜੀ' ਦਾ ਖ਼ਿਤਾਬ ਜਿੱਤਿਆ | ਪਿ੍ੰਸੀਪਲ ਡਾ. ਲਖਵੀਰ ਸਿੰਘ ਨੇ ਖੇਡ ਮੇਲੇ ਦੀ ਸਫਲਤਾ 'ਤੇ ਆਪਣੀ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਅਥਲੈਟਿਕ ਮੀਟ ਵਿਦਿਆਰਥੀਆਂ ਦੀ ਖੇਡ ਸਮਰੱਥਾ ਅਤੇ ਉਨ੍ਹਾਂ ਦੀ ਮਿਹਨਤ ਦਾ ਪ੍ਰਮਾਣ ਹੈ ਅਸੀਂ ਉਨ੍ਹਾਂ ਦੀਆਂ ਕਾਮਯਾਬੀਆਂ ਤੇ ਬੇਹੱਦ ਮਾਣ ਮਹਿਸੂਸ ਕਰਦੇ ਹਾਂ | ਉਨ੍ਹਾਂ ਡਾ. ਹਰਪ੍ਰੀਤ ਕੌਰ ਮਵੀ (ਡਾਇਰੈਕਟਰ ਆਫ਼ ਫਿਜ਼ੀਕਲ ਐਜੂਕੇਸ਼ਨ), ਗੁਰਮੀਤ ਸਿੰਘ ਟੌਹੜਾ, ਰਜਨਦੀਪ ਕੌਰ, ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਜਿਨ੍ਹਾਂ ਨੇ ਇਸ ਦੀ ਸਫਲਤਾ ਲਈ ਯੋਗਦਾਨ ਪਾਇਆ | ਇਸ ਮੌਕੇ 'ਤੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਾਲਜ ਦੇ ਪਿ੍ੰਸੀਪਲ ਡਾ ਲਖਵੀਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਿ੍ਤਪਾਲ ਸਿੰਘ, ਸਿਮਰਜੀਤ ਸਿੰਘ ਕੰਗ ਅਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮਿਲ ਕੇ ਕੀਤੀ | ਇਸ ਮੌਕੇ ਡਾ.ਜਸਪ੍ਰੀਤ ਸਿੰਘ ਉਬਰਾਏ, ਡਾ. ਵਰਿੰਦਰ ਸਿੰਘ, ਪ੍ਰੋਫ਼ੈਸਰ ਜਸਵੀਰ ਸਿੰਘ ਰਟੌਲ, ਡਾ. ਦੂਰਦਰਸ਼ੀ ਸਿੰਘ, ਡਾ. ਜਤਿੰਦਰ ਸਿੰਘ ਸੈਣੀ, ਡਾ. ਕਿਰਨਪ੍ਰੀਤ ਕੌਰ, ਡਾ. ਅਮਨਦੀਪ ਸਿੰਘ, ਡਾ. ਸਰਬਜੀਤ ਕੌਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |