ਫ਼ਤਹਿਗੜ੍ਹ ਸਾਹਿਬ, 19 ਫਰਵਰੀ (ਮਨਪ੍ਰੀਤ ਸਿੰਘ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰਾਂ ਦੀ ਤਰਜ਼ ਤੇ ਪਿੰਡਾਂ ਦੇ ਵਿਕਾਸ ਅੰਦਰ ਕੋਈ ਕਸਰ ਨਹੀਂ ਛੱਡ ਰਹੀ | ਪਿੰਡਾਂ ਦੀ ਲਿੰਕ ਸੜਕਾਂ, ਪੰਚਾਇਤ ਘਰ, ਸਕੂਲਾਂ ਦੀ ਦਿੱਖ ਬਦਲਣ ਲਈ ਰਾਜ ਸਰਕਾਰ ਵਲੋਂ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਐਡ. ਲਖਵੀਰ ਸਿੰਘ ਰਾਏ ਨੇ ਸਾਂਝੀ ਸੱਥ ਪ੍ਰੋਗਰਾਮ ਤਹਿਤ ਪਿੰਡ ਢੋਲਾ, ਸਾਧੂਗੜ੍ਹ ਅਤੇ ਖੇਡੀ ਭਾਈ ਕੀ ਵਿਖੇ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਪ੍ਰਤੀ ਪੰਚਾਇਤ ਚੈੱਕ ਸੌਂਪਣ ਮੌਕੇ ਕੀਤਾ | ਵਿਧਾਇਕ ਰਾਏ ਨੇ ਵੱਖ-ਵੱਖ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਤੇ ਪਹੁੰਚ ਕੇ ਪਿੰਡਾਂ ਦੇ ਵਸਨੀਕਾਂ ਅਤੇ ਪੰਚਾਇਤ ਤੋਂ ਪਿੰਡ ਪੱਧਰ ਤੇ ਹੋਣ ਵਾਲੇ ਵਿਕਾਸ ਕੰਮਾਂ ਬਾਰੇ ਵਿਸ਼ੇਸ਼ ਚਰਚਾ ਕੀਤੀ, ਜਿੱਥੇ ਪੰਚਾਇਤਾਂ ਵਲੋਂ ਪਿੰਡਾਂ ਅੰਦਰ ਲੋੜੀਂਦੇ ਅਤੇ ਅਤਿ ਜ਼ਰੂਰੀ ਹੋਣ ਵਾਲੇ ਵਿਕਾਸ ਕੰਮਾਂ ਬਾਰੇ ਵਿਧਾਇਕ ਨੂੰ ਜਾਣੂ ਕਰਵਾਇਆ ਗਿਆ | ਵਿਧਾਇਕ ਰਾਏ ਨੇ ਸਮੂਹ ਪਿੰਡ ਵਾਸੀਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਵਿਅਕਤੀ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਬਣ ਰਹੇ ਸਿਹਤ ਕਾਰਡ ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪਰਿਸ਼ਦ ਮੈਂਬਰ ਅਮਰਿੰਦਰ ਸਿੰਘ ਮੰਡੋਫਲ, ਬਲਾਕ ਸੰਮਤੀ ਮੈਂਬਰ ਬਿਕਰਮਜੀਤ ਸਿੰਘ, ਕਰਮਜੀਤ ਸਿੰਘ, ਹੈਪੀ ਭੈਣੀ, ਹਰਮੇਸ਼ ਸਿੰਘ ਪੂਨੀਆ, ਬੀਕਰ ਸਿੰਘ ਰਜਿੰਦਰਗੜ੍ਹ, ਸਰਪੰਚ ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ ਢੋਲਾ, ਗੁਰਦੀਪ ਸਿੰਘ ਢੋਲਾ, ਸਤਨਾਮ ਸਿੰਘ ਭੈਣੀ, ਸਕੱਤਰ ਭੁਪਿੰਦਰ ਸਿੰਘ, ਵਰਿੰਦਰ ਸਿੰਘ ਬੀਬੀਪੁਰ, ਤੇਜ਼ੀ ਬਰਾਸ, ਰਵਿੰਦਰ ਸਿੰਘ ਪੀਏ ਸਤੀਸ਼ ਕੁਮਾਰ ਲਟੌਰ ਆਦਿ ਵੀ ਹਾਜ਼ਰ ਸਨ |