ਪਟਿਆਲਾ, 19 ਫਰਵਰੀ (ਮਨਦੀਪ ਸਿੰਘ ਖਰੌੜ)-ਆਨਲਾਈਨ ਚੋਰਾਂ ਦੀ ਹਿੰਮਤ ਐਨੀ ਵਧ ਗਈ ਹੈ ਕਿ ਉਹ ਸਰਕਾਰੀ ਅਫ਼ਸਰਾਂ ਅਤੇ ਮੁਲਾਜ਼ਮਾਂ ਨੂੰ ਵੀ ਠੱਗੀ ਮਾਰਨ ਤੋਂ ਵੀ ਝਿਜਕ ਨਹੀਂ ਰਹੇ | ਇਸੇ ਸਿਲਸਿਲੇ ਤਹਿਤ ਦੇਸ਼ ਦੀ ਏਅਰ ਫੋਰਸ 'ਚ ਬਤੌਰ ਸਾਰਜੈਂਟ ਦੇ ਤੌਰ 'ਤੇ ਨੌਕਰੀ ਕਰਦੇ ਇਕ ਨੌਜਵਾਨ ਨੂੰ ਆਨਲਾਈਨ ਇਨਵੈਸਟਮੈਂਟ ਦਾ ਝਾਂਸਾ ਦੇ ਕੇ ਸਾਈਬਰ ਚੋਰਾਂ ਨੇ ਉਸ ਦੇ ਖਾਤੇ 'ਚੋਂ 14 ਲੱਖ 37 ਹਜ਼ਾਰ ਰੁਪਏ ਉਡਾ ਲਏ ਹਨ | ਇਸ ਸੰਬੰਧੀ ਪਟਿਆਲਾ ਸਾਈਬਰ ਕ੍ਰਾਈਮ ਦੇ ਥਾਣੇਦਾਰ ਮਨਦੀਪ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਸਾਰਜੈਂਟ ਨੂੰ ਮੋਟਾ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ ਵਟਸਐਪ ਗਰੁੱਪ ਰਾਹੀਂ ਉਸ ਤੋਂ ਆਨਲਾਈਨ ਇਨਵੈੱਸਟਮੈਂਟ ਕਰਵਾਉਂਦੇ ਰਹੇ ਅਤੇ ਬਾਅਦ ਵਿਚ ਉਸ ਦੇ ਪੈਸੇ ਹੜੱਪ ਕੇ ਸਿਸਟਮ ਬੰਦ ਕਰ ਗਏ | ਇਸ ਕੇਸ ਦੀ ਪੜਤਾਲ ਕਰਨ ਤੋਂ ਬਾਅਦ ਸਾਈਬਰ ਕ੍ਰਾਈਮ ਦੀ ਟੀਮ ਵਲੋਂ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |