ਬਸੀ ਪਠਾਣਾਂ, 17 ਫਰਵਰੀ (ਐਚ.ਐਸ.ਗੌਤਮ)-ਸੀ.ਐਮ. ਦੀ ਯੋਗਸ਼ਾਲਾ ਤਹਿਤ ਪਿੰਡ ਸ਼ਹੀਦਗੜ੍ਹ ਬਸੀ ਪਠਾਣਾਂ ਵਿਖੇ ਯੋਗਸ਼ਾਲਾ ਸੈਸ਼ਨ ਵਿਚ ਰਾਜਵੀਰ ਕੌਰ ਵਲੋਂ ਯੋਗ ਆਸਣਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਨਾਲ ਸਿੱਖਿਆਰਥੀ, ਸਰੀਰਕ ਅਤੇ ਮਾਨਸਿਕ ਤੌਰ 'ਤੇ ਪਹਿਲਾਂ ਨਾਲੋਂ ਕਾਫ਼ੀ ਵਧੀਆ ਪ੍ਰਤੀਤ ਕਰ ਰਹੇ ਹਨ | ਰਾਜਵੀਰ ਕੌਰ ਨੇ ਦੱਸਿਆ ਕਿ ਅਜੋਕੇ ਸਮੇਂ ਵਿਚ ਮੋਬਾਈਲ ਦੀ ਵਧੇਰੇ ਵਰਤੋਂ ਦਿਮਾਗ਼ੀ ਤਣਾਅ ਪੈਦਾ ਕਰ ਰਹੀ ਹੈ ਅਤੇ ਜਿਹੜੇ ਲੋਕ ਯੋਗ ਸੈਸ਼ਨ ਵਿਚ ਸ਼ਾਮਿਲ ਹੋ ਰਹੇ ਹਨ, ਉਹ ਹੁਣ ਮਹਿਸੂਸ ਕਰਦੇ ਹਨ ਕਿ ਆਸਣਾਂ ਰਾਹੀਂ ਇਕਾਗਰਤਾ ਵੱਧਣ ਕਾਰਨ ਮੋਬਾਈਲ ਤੋਂ ਛੁਟਕਾਰੇ ਦਾ ਰਾਹ ਪੱਧਰਾ ਹੋਇਆ ਹੈ | ਸੀ.ਐਮ. ਦੀ ਯੋਗਸ਼ਾਲਾ ਦੇ ਸਿੱਖਿਆਰਥੀ ਜਸਵੀਰ ਕੌਰ ਵੀ ਯੋਗ ਦੀ ਸਿਖਲਾਈ ਨਾਲ ਕਾਫ਼ੀ ਉਤਸ਼ਾਹਿਤ ਹਨ | ਉਨ੍ਹਾਂ ਨੇ ਦੱਸਿਆ ਕਿ ਭੱਜ-ਦੌੜ ਭਰੇ ਜੀਵਨ ਵਿਚ ਯੋਗ ਕਿਰਿਆਵਾਂ ਇਨਸਾਨ ਦੇ ਵਿਅਕਤੀਤਵ ਵਿਚ ਵੱਡਾ ਸੁਧਾਰ ਲਿਆਉਂਦੀਆਂ ਹਨ | ਜ਼ਿਲ੍ਹਾ ਕੋਆਰਡੀਨੇਟਰ ਰਮਨਜੀਤ ਕੌਰ ਨੇ ਦੱਸਿਆ ਕਿ ਜਿਹੜੇ ਨਾਗਰਿਕ ਆਪਣੇ ਮੁਹੱਲੇ ਵਿਚ ਯੋਗਸ਼ਾਲਾ ਦੀ ਸ਼ੁਰੂਆਤ ਕਰਨੀ ਚਾਹੁੰਦੇ ਹਨ ਉਹ 25 ਲੋਕਾਂ ਦਾ ਸਮੂਹ ਬਣਾਉਣ ਉਪਰੰਤ ਟੋਲ ਮੁਫ਼ਤ ਨੰ. 'ਤੇ ਮਿਸ ਕਾਲ ਕਰ ਸਕਦੇ ਹਨ |