ਸੰਘੋਲ, 17 ਫਰਵਰੀ (ਪਰਮਵੀਰ ਸਿੰਘ ਧਨੋਆ)-ਪਿੰਡ ਸੰਘੋਲ ਵਿਖੇ ਬੀਤੀ ਰਾਤ ਅਣਪਛਾਤਿਆਂ ਵਲੋਂ ਮੱਝਾਂ ਚੋਰੀ ਕਰ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮੱਝਾਂ ਖੇਤ 'ਚ ਬਣੇ ਕਮਰੇ 'ਚ ਬੰਨੀਆਂ ਹੋਈਆਂ ਸਨ | ਘਟਨਾ ਰਾਤ ਕਰੀਬ 12:30 ਵਜੇ ਦੀ ਦੱਸੀ ਜਾਂਦੀ ਹੈ | ਪੀੜਤ ਸੰਘੋਲ ਨਿਵਾਸੀ ਕਰਨਵੀਰ ਰਾਣਾ ਨੇ ਗੱਲਬਾਤ ਮੌਕੇ ਦੱਸਿਆ ਕਿ ਖੇਤ 'ਚ ਘਟਨਾ ਵੇਲੇ ਉਨ੍ਹਾਂ ਦਾ ਪ੍ਰਵਾਸੀ ਮਜ਼ਦੂਰ ਮੌਜੂਦ ਸੀ, ਜਿਸ ਅਨੁਸਾਰ ਚਾਰ ਮੋਨੇ ਹਥਿਆਰਬੰਦ ਬੰਦੇ ਉੱਥੇ ਆਏ, ਉਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ | ਪਹਿਲਾਂ ਤਾਂ ਪ੍ਰਵਾਸੀ ਤੋਂ ਆਨੇ-ਬਹਾਨੇ ਉਨ੍ਹਾਂ ਨੇ ਫ਼ੋਨ ਫੜ ਲਿਆ | ਇਸ ਦੌਰਾਨ ਪ੍ਰਵਾਸੀ ਦੇ ਥੱਪੜ ਮਾਰਨ ਉਪਰੰਤ ਉਸ ਨੂੰ ਜਬਰੀ ਉੱਥੇ ਪਏ ਮੰਜੇ ਨਾਲ ਬੰਨ੍ਹ ਦਿੱਤਾ | ਚੋਰ ਉੱਥੋਂ 4 ਮੱਝਾਂ ਅਤੇ 3 ਕੱਟੀਆਂ ਖੋਲ੍ਹ ਕੇ ਫ਼ਰਾਰ ਹੋ ਗਏ | ਦੱਸਿਆ ਜਾ ਰਿਹਾ ਹੈ ਕਿ ਪ੍ਰਵਾਸੀ ਨੇ ਕਿਸੇ ਤਰ੍ਹਾਂ ਖ਼ੁਦ ਨੂੰ ਖੋਲਿ੍ਹਆ ਅਤੇ ਸਵੇਰੇ ਪਿੰਡ ਪਹੁੰਚ ਕੇ ਮਾਲਕ ਨੂੰ ਮੱਝਾਂ ਚੋਰੀ ਹੋ ਜਾਣ ਅਤੇ ਘਟਨਾਕ੍ਰਮ ਦੀ ਸੂਚਨਾ ਦਿੱਤੀ | ਰਾਣਾ ਵਲੋਂ ਚੋਰੀ ਦੇ ਮਾਮਲੇ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ | ਮਾਮਲੇ ਬਾਰੇ ਸਬੰਧਿਤ ਚੌਂਕੀ ਇੰਚਾਰਜ ਸੰਘੋਲ ਹਰਮਿੰਦਰ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਪੁਲਿਸ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਖੇਤਰ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ |