22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਜ਼ਿਲ੍ਹਾ ਪੱਧਰ 'ਤੇ ਕੌਮੀ ਲੋਕ ਅਦਾਲਤ 14 ਮਾਰਚ ਨੂੰ ਲੱਗੇਗੀ-ਅਰੁਣ ਗੁਪਤਾ

ਅਜੀਤ ਡੈਸਕ 18-02-2026
ਫ਼ਤਹਿਗੜ੍ਹ ਸਾਹਿਬ, 17 ਫਰਵਰੀ (ਬਲਜਿੰਦਰ ਸਿੰਘ)-ਜ਼ਿਲ੍ਹਾ ਕਚਹਿਰੀਆਂ, ਅਮਲੋਹ ਅਤੇ ਖਮਾਣੋਂ ਸਬ ਡਵੀਜ਼ਨ ਦੀਆਂ ਅਦਾਲਤਾਂ ਵਿਖੇ 14 ਮਾਰਚ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਦਾ ਵੱਧ ਤੋਂ ਵੱਧ ਲੋੜਵੰਦਾਂ ਨੂੰ ਲਾਭ ਪਹੁੰਚਾਉਣ ਅਤੇ ਇਸ ਦੀ ਸਫਲਤਾ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਾਰੇ ਮੈਂਬਰ ਵੱਧ-ਚੜ੍ਹ ਕੇ ਸਹਿਯੋਗ ਦੇਣ | ਇਹ ਨਿਰਦੇਸ਼ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਰੁਣ ਗੁਪਤਾ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਜ਼ਿਲ੍ਹਾ ਕਚਹਿਰੀਆਂ ਵਿਖੇ ਹੋਈ ਤਿਮਾਹੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ | ਗੁਪਤਾ ਨੇ ਮੀਟਿੰਗ ਵਿਚ ਸ਼ਾਮਿਲ ਹੋਏ ਸਾਰੇ ਮੈਂਬਰਾਂ ਨੂੰ ਕਿਹਾ ਕਿ ਕੌਮੀ ਲੋਕ ਅਦਾਲਤ ਵਿਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਵਾਉਣ ਲਈ ਸਮਝੌਤਾਯੋਗ ਸਾਰੇ ਫ਼ੌਜਦਾਰੀ ਅਤੇ ਸਿਵਲ ਕੇਸ, ਜੋ ਕਿ ਲੰਮੇ ਸਮੇਂ ਤੋਂ ਅਦਾਲਤਾਂ ਵਿਚ ਲੰਬਿਤ ਪਏ ਹੋਣ, ਨੂੰ ਰੱਖਿਆ ਜਾਵੇ | ਉਨ੍ਹਾਂ ਦੱਸਿਆ ਕਿ ਵਿਆਹ-ਸਬੰਧੀ ਝਗੜਿਆਂ ਦੇ ਕੇਸ, ਪਰਿਵਾਰਕ ਝਗੜੇ, ਮਜ਼ਦੂਰਾਂ ਦੇ ਝਗੜੇ, ਜ਼ਮੀਨ ਅਧਿਗ੍ਰਹਿਣ ਸਬੰਧੀ ਮਾਮਲੇ, ਬੈਂਕ ਰਿਕਵਰੀ, ਚੈੱਕ ਬਾਊਾਸ, ਮਾਲ ਵਿਭਾਗ ਨਾਲ ਸਬੰਧਿਤ ਮਾਮਲੇ, ਜਲ ਸਪਲਾਈ ਅਤੇ ਬਿਜਲੀ ਸਪਲਾਈ ਸਬੰਧੀ ਮਾਮਲੇ ਵੀ ਇਸ ਲੋਕ ਅਦਾਲਤ ਵਿਚ ਲਗਾਏ ਜਾਣ | ਗੁਪਤਾ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਝਗੜਿਆਂ ਦਾ ਨਿਪਟਾਰਾ ਕਰਵਾਉਣ ਲਈ ਇਸ ਲੋਕ ਅਦਾਲਤ ਵਿਚ ਆਪਣੇ ਕੇਸ ਲੈ ਕੇ ਆਉਣ, ਕਿਉਂਕਿ ਇਨ੍ਹਾਂ ਲੋਕ ਅਦਾਲਤਾਂ ਵਿਚ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਕੀਤੇ ਗਏ ਫ਼ੈਸਲੇ ਅੰਤਿਮ ਹੁੰਦੇ ਹਨ, ਜਿਨ੍ਹਾਂ ਵਿਰੁੱਧ ਅੱਗੇ ਅਪੀਲ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਕਿਹਾ ਕਿ ਜੋ ਝਗੜੇ ਪਹਿਲਾਂ ਅਦਾਲਤ ਵਿਚ ਨਾ ਚੱਲਦੇ ਹੋਣ, ਉਹ ਮਾਮਲੇ ਵੀ ਕੌਮੀ ਲੋਕ ਅਦਾਲਤ ਵਿਚ ਦਰਖਾਸਤ ਦੇ ਕੇ ਰਾਜ਼ੀਨਾਮੇ ਲਈ ਰੱਖੇ ਜਾ ਸਕਦੇ ਹਨ | ਇਸ ਅਦਾਲਤ ਵਿਚ ਲੱਗੇ ਕੇਸਾਂ ਦੀ ਕੋਰਟ ਫ਼ੀਸ ਵੀ ਵਾਪਸ ਕਰ ਦਿੱਤੀ ਜਾਂਦੀ ਹੈ | ਇਸ ਮੀਟਿੰਗ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਪਿਛਲੀ ਤਿਮਾਹੀ ਦੌਰਾਨ 104 ਲੋੜਵੰਦ ਲਾਭਪਾਤਰੀਆਂ ਨੂੰ ਦਿੱਤੀ ਗਈ ਮੁਫ਼ਤ ਕਾਨੂੰਨੀ ਸਹਾਇਤਾ ਦੇ ਕੇਸ ਵੀ ਪਾਸ ਕੀਤੇ ਗਏ | ਗੁਪਤਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਬਲਾਕ ਪੱਧਰ 'ਤੇ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾਵੇ | ਮੀਟਿੰਗ ਵਿਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾ. ਸੋਨੀਆ ਕਿੰਨਰਾ, ਚੀਫ ਜੂਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮਮਤਾ ਕੱਕੜ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸੂਬਾ ਸਿੰਘ, ਜ਼ਿਲ੍ਹਾ ਅਟਾਰਨੀ ਕੁਲਵਿੰਦਰ ਸਿੰਘ, ਲੀਗਲ ਸਰਵਿਸ ਅਥਾਰਿਟੀ ਦੇ ਮੈਂਬਰ ਨਮਰਤਾ ਸ਼ਰਮਾ, ਅਸ਼ੋਕ ਸੂਦ, ਹਿਤੇਂਦਰ ਸੂਰੀ, ਐਡਵੋਕੇਟ ਗਗਨਦੀਪ ਸਿੰਘ ਵਿਰਕ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੀ ਸ਼ਾਮਿਲ ਹੋਏ |
ਪਿਛਲੀ ਖ਼ਬਰ ਸੂਬੇ ਦੇ ਲੋਕ 'ਆਪ' ਨੂੰ ਝੂਠੇ ਵਾਅਦਿਆਂ ਦਾ 2027 ਦੀਆਂ ਚੋਣਾਂ 'ਚ ਸਬਕ ਜ਼ਰੂਰ ਸਿਖਾਉਣਗੇ-ਭੁੱਟਾ ਅਗਲੀ ਖ਼ਬਰ ਸੰਘੋਲ 'ਚ 4 ਮੱਝਾਂ ਅਤੇ 3 ਕੱਟੀਆਂ ਚੋਰੀ ਕਰ ਲੈ ਗਏ ਚੋਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।