ਫ਼ਤਹਿਗੜ੍ਹ ਸਾਹਿਬ, 17 ਫਰਵਰੀ (ਬਲਜਿੰਦਰ ਸਿੰਘ)-ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਵਲੋਂ ਬਸੀ ਪਠਾਣਾਂ, ਉੱਚਾ ਪਿੰਡ ਬਾਈਪਾਸ ਰੋਡ 'ਤੇ ਬਣਾਏ ਡੰਪ 'ਤੇ ਸ਼ਹਿਰ ਦਾ ਕੂੜਾ ਕਰਕਟ ਸੁੱਟੇ ਜਾਣ ਦਾ ਮਾਮਲਾ ਫਿਰ ਤੋਂ ਭੱਖ ਗਿਆ ਹੈ | ਜਿਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਨਗਰ ਕੌਂਸਲ ਸਰਹਿੰਦ ਦੇ ਸਬੰਧਿਤ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਵਲੋਂ ਇੱਥੇ ਸੁੱਟੇ ਗਏ ਕੂੜੇ ਕਰਕਟ ਨੂੰ ਨਾ ਹਟਾਇਆ ਗਿਆ ਤਾਂ ਕੌਂਸਲ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਸੰਘਰਸ਼ ਵੀ ਆਰੰਭਿਆ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸਰਹਿੰਦ ਵਲੋਂ ਬਸੀ ਪਠਾਣਾਂ, ਉੱਚਾ ਪਿੰਡ ਬਾਈਪਾਸ ਰੋਡ 'ਤੇ ਬਣਾਏ ਗਏ ਕੂੜੇ ਦੇ ਡੰਪ 'ਤੇ ਸਰਹਿੰਦ ਦਾ ਕੂੜਾ ਕਰਕਟ ਸੁੱਟੇ ਜਾਣ ਦੇ ਮਾਮਲੇ ਨੂੰ ਲੈ ਕੇ ਇਲਾਕੇ ਦੇ ਲੋਕਾਂ, ਸ਼੍ਰੋਮਣੀ ਅਕਾਲੀ ਦਲ (ਅ) ਅਤੇ ਕਿਸਾਨ ਯੂਨੀਅਨ ਵਲੋਂ ਸਾਂਝੇ ਤੌਰ 'ਤੇ ਵੱਡਾ ਰੋਸ ਪ੍ਰਗਟਾਉਂਦੇ ਹੋਏ ਸੜਕ 'ਤੇ ਧਰਨਾ ਲਗਾਇਆ ਗਿਆ ਸੀ | ਜਿਸ ਤੋਂ ਬਾਅਦ ਕੌਂਸਲ ਪ੍ਰਸ਼ਾਸਨ ਨੇ ਇੱਥੇ ਕੂੜਾ ਸੁੱਟਣਾ ਬੰਦ ਕਰ ਦਿੱਤਾ ਸੀ, ਪਰ ਉੱਥੇ ਕਾਫ਼ੀ ਵੱਡੇ ਕੂੜੇ ਦੇ ਲੱਗੇ ਢੇਰ ਨੂੰ ਅਜੇ ਤੱਕ ਸਾਫ਼ ਨਹੀਂ ਕੀਤਾ ਗਿਆ | ਹੁਣ ਜਦੋਂ ਗਰਮੀਆਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਤਾਂ ਇਸ ਕੂੜੇ ਦੇ ਢੇਰ ਤੋਂ ਬਹੁਤ ਹੀ ਭਿਆਨਕ ਬਿਮਾਰੀਆਂ ਅਤੇ ਬਦਬੂ ਫੈਲਣ ਦਾ ਵੱਡਾ ਖ਼ਤਰਾ ਸਾਹਮਣੇ ਖੜ੍ਹਾ ਹੋ ਗਿਆ ਹੈ | ਉਨ੍ਹਾਂ ਕੌਂਸਲ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਕਤ ਡੰਪ 'ਤੇ ਲੱਗੇ ਕੂੜੇ ਦੇ ਢੇਰ ਨੂੰ ਫ਼ੌਰੀ ਤੌਰ 'ਤੇ ਹਟਾਇਆ ਜਾਵੇ ਤਾਂ ਜੋ ਲੋਕਾਂ ਨੂੰ ਸੰਭਾਵਿਤ ਬਿਮਾਰੀਆਂ ਤੋਂ ਬਚਾਇਆ ਜਾ ਸਕੇ |