ਫ਼ਤਹਿਗੜ੍ਹ ਸਾਹਿਬ, 29 ਜਨਵਰੀ (ਬਲਜਿੰਦਰ ਸਿੰਘ)-ਜ਼ਿਲ੍ਹਾ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਲੋੜੀਂਦੀਆਂ ਸਹੂਲਤਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦੇ ਮਾਮਲੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਹੇਠ ਪਾਰਟੀ ਦੇ ਵਫ਼ਦ ਵਲੋਂ ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਸ. ਭੁੱਟਾ ਨੇ ਕਿਹਾ ਕਿ ਸਿਵਲ ਹਸਪਤਾਲ ਜ਼ਿਲੇ੍ਹ ਦੇ ਹਜ਼ਾਰਾਂ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਹੈ, ਪਰ ਦੁੱਖ ਦੀ ਗੱਲ ਹੈ ਕਿ ਇੱਥੇ ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਹੋਣ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਫ਼ਤਹਿਗੜ੍ਹ ਸਾਹਿਬ ਨੂੰ ਜੋੜਨ ਵਾਲੀਆਂ ਸਾਰੀਆਂ ਮੁੱਖ ਸੜਕਾਂ ਮੋਹਾਲੀ, ਮੋਰਿੰਡਾ, ਪਟਿਆਲਾ, ਮੰਡੀ ਗੋਬਿੰਦਗੜ੍ਹ ਤੋਂ ਅਮਲੋਹ, ਮੋਰਿੰਡਾ ਤੋਂ ਖਮਾਣੋਂ 'ਤੇ ਐਂਬੂਲੈਂਸਾਂ ਖੜ੍ਹੀਆਂ ਕੀਤੀਆਂ ਜਾਣ ਤਾਂ ਜੋ ਦੁਰਘਟਨਾ ਸਮੇਂ ਜ਼ਖਮੀਆਂ ਨੂੰ ਤੁਰੰਤ ਨੇੜਲੇ ਚੰਗੇ ਹਸਪਤਾਲ ਵਿਚ ਪਹੁੰਚਾਇਆ ਜਾ ਸਕੇ ਅਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਲੈਬ, ਵਾਰਡਾਂ ਅਤੇ ਹੋਰ ਜ਼ਰੂਰੀ ਵਿਭਾਗਾਂ ਵਿਚ ਜਿੱਥੇ-ਜਿੱਥੇ ਜਨਰੇਟਰ ਮੌਜੂਦ ਨਹੀਂ ਹਨ, ਉੱਥੇ ਤੁਰੰਤ ਜੈੱਨਰੇਟਰਾਂ ਦਾ ਪ੍ਰਬੰਧ ਕੀਤਾ ਜਾਵੇ, ਕਿਉਂਕਿ ਬਿਜਲੀ ਕੱਟ ਸਮੇਂ ਟੈੱਸਟ ਅਤੇ ਇਲਾਜ ਸਮੇਂ ਮਰੀਜ਼ ਪ੍ਰਭਾਵਿਤ ਹੁੰਦੇ ਹਨ | ਮੋਰਚਰੀ ਵਿਚ ਰੈਗੂਲਰ ਮੁਲਾਜ਼ਮ ਤਾਇਨਾਤ ਕੀਤੇ ਜਾਣ, ਕਿਉਂਕਿ ਆਰਜ਼ੀ ਤੌਰ 'ਤੇ ਲੱਗੇ ਮੁਲਾਜ਼ਮ ਵਲੋਂ ਮਿ੍ਤਕ ਪ੍ਰਾਣੀ ਦੇ ਪਰਿਵਾਰਾਂ ਤੋਂ ਸਮਾਨ ਪੋਲੀਥੀਨ, ਕੱਪੜਾ, ਧੂਫ਼ਾਂ, ਸਾਬਣ, ਡੱਬੇ ਬਾਹਰੋਂ ਮੰਗਵਾਇਆ ਜਾਂਦਾ ਹੈ, ਜਦੋਂਕਿ ਇਹ ਪਹਿਲਾਂ ਸਰਕਾਰ ਵਲੋਂ ਮੁਹੱਈਆ ਕਰਵਾਏ ਜਾਂਦੇ ਸਨ | ਮੋਰਚਰੀ ਵਿਚ ਅਕਸਰ ਫਰੀਜ਼ਰ ਖ਼ਰਾਬ ਰਹਿੰਦੇ ਹਨ, ਜਿਸ ਕਾਰਨ ਲਾਸ਼ਾਂ ਨੂੰ ਸੰਭਾਲਣ ਵਿਚ ਮੁਸ਼ਕਿਲ ਪੇਸ਼ ਆਉਂਦੀ ਹੈ, ਖ਼ਰਾਬ ਫਰੀਜ਼ਰਾਂ ਦੀ ਮੁਰੰਮਤ ਅਤੇ ਨਵੇਂ ਫ਼ਰਿਜ ਖ਼ਰੀਦਣ ਦੀ ਗਿਣਤੀ ਵਧਾਈ ਜਾਵੇ | ਸਿਵਲ ਹਸਪਤਾਲ ਵਿਚ ਅੱਗ ਬੁਝਾਊ ਯੰਤਰ ਪਿਛਲੇ ਸਮੇਂ ਬਿਲਡਿੰਗ ਨਿਰਮਾਣ ਸਮੇਂ ਪੁੱਟ ਕੇ ਬੰਦ ਕਰ ਦਿੱਤੇ ਗਏ ਹਨ, ਜੋ ਕਿਸੇ ਵੱਡੀ ਘਟਨਾ ਦਾ ਕਾਰਨ ਬਣ ਸਕਦੇ ਹਨ | ਇਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ | ਇਸ ਤੋਂ ਇਲਾਵਾ ਹਸਪਤਾਲ ਵਿਚ ਈ.ਸੀ.ਜੀ ਟੈਕਨੀਸ਼ੀਅਨ ਨਾ ਹੋਣ ਕਾਰਨ ਦਿਲ ਦੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਟੈਕਨੀਸ਼ੀਅਨ ਦੀ ਤੁਰੰਤ ਨਿਯੁਕਤੀ ਕੀਤੀ ਜਾਵੇ | ਮੰਗ ਪੱਤਰ ਵਿਚ ਡਾਕਟਰ, ਫਾਰਮਾਸਿਸਟ, ਸਟਾਫ਼ ਨਰਸ, ਰੇਡੀਉਗ੍ਰਾਫਰ, ਲੈਬ ਟੈਕਨੀਸ਼ੀਅਨ, ਫਿਜ਼ਿਓਥੈਰਾਪਿਸਟ ਸਮੇਤ ਹੋਰ ਖ਼ਾਲੀ ਅਸਾਮੀਆਂ ਭਰਨ ਤੋਂ ਇਲਾਵਾ ਐਮ.ਐਲ.ਆਰ ਅਤੇ ਪੋਸਟਮਾਰਟਮ ਰਿਪੋਰਟਾਂ ਲਈ ਰੈਗੂਲਰ ਮੁਲਾਜ਼ਮ ਤਾਇਨਾਤ ਕੀਤੇ ਜਾਣ ਦੀ ਮੰਗ ਕੀਤੀ ਗਈ | ਇਸ ਮੌਕੇ ਸਿਵਲ ਸਰਜਨ ਡਾ. ਅਰਵਿੰਦਪਾਲ ਸਿੰਘ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਕਿ ਮੰਗ ਪੱਤਰ ਵਿਚ ਦਰਜ ਸਮੱਸਿਆਵਾਂ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਜਲਦ ਹੱਲ ਕਰਵਾਇਆ ਜਾਵੇ | ਇਸ ਮੌਕੇ 'ਤੇ ਸੁਖਵਿੰਦਰ ਸਿੰਘ, ਤਜਿੰਦਰ ਸਿੰਘ ਕੋਹਲੀ, ਤਰੁਣ ਕੁਮਾਰੀ, ਮੰਗਤ ਰਾਮ, ਬਲਜੀਤ ਸਿੰਘ ਦਿਓਲ, ਹਰਸਿਮਰਨ ਸਿੰਘ, ਬਲਰਾਜ ਸਿੰਘ ਮਾਨ, ਰਵੀ ਪਾਵਾ, ਮੰਟੂ ਨੰਬਰਦਾਰ, ਵਿੱਕੀ, ਨੋਨੂ ਬੱਤਰਾ, ਰਾਜੀਵ ਕੁਮਾਰ, ਦਮਨਜੋਤ ਸਿੰਘ ਜਲਵੇੜ੍ਹੀ ਗਹਿਲਾਂ, ਮਨਜੀਤ ਸਿੰਘ ਮਾਨ, ਹਰਮਨਜੀਤ ਸਿੰਘ, ਜਸ਼ਨਪ੍ਰੀਤ ਸਿੰਘ, ਗਗਨਪ੍ਰੀਤ ਸਿੰਘ, ਜਸ਼ਨ ਮੱਲੀ, ਲਖਮੀਰ ਸਿੰਘ ਵੀ ਹਾਜ਼ਰ ਸਨ |