ਭਾਦਸੋਂ, 22 ਜਨਵਰੀ (ਪੱਤਰ ਪ੍ਰੇਰਕ)-ਬੀਤੇ ਦਿਨੀਂ ਥਾਣਾ ਭਾਦਸੋਂ ਦੇ ਪਿੰਡ ਜੱਸੋਮਾਜਰਾ ਵਿਚ ਇਕ ਨੌਜਵਾਨ ਦਾ ਕਤਲ ਹੋ ਗਿਆ ਸੀ, ਜਿਸ ਦੀ ਪੁਲਿਸ ਵਲੋਂ ਜਾਂਚ ਕਰਦੇ ਹੋਏ ਸੰਬੰਧਿਤ ਮਾਮਲੇ 'ਚ ਦੋਸ਼ੀ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਅੱਜ ਥਾਣਾ ਭਾਦਸੋਂ ਵਿਖੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਨਾਭਾ ਦੇ ਡੀ.ਐੱਸ.ਪੀ. ਗੁਰਿੰਦਰ ਸਿੰਘ ਬੱਲ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਜੱਸੋਮਾਜਰਾ ਵਿਚ 20 ਅਤੇ 21 ਜਨਵਰੀ 2026 ਦੀ ਦਰਮਿਆਨੀ ਰਾਤ ਨੂੰ ਸੰਦੀਪ ਸਿੰਘ ਉਰਫ ਦੀਪੂ ਦਾ ਕਤਲ ਹੋ ਗਿਆ ਸੀ | ਜਿਸ ਦੇ ਸੰਬੰਧੀ ਪਰਿਵਾਰ ਵਲੋਂ ਥਾਣਾ ਭਾਦਸੋਂ ਵਿਖੇ ਇਤਲਾਹ ਵੀ ਦਿੱਤੀ ਗਈ ਸੀ | ਥਾਣਾ ਭਾਦਸੋਂ ਵਲੋਂ ਮਾਮਲੇ ਦੀ ਜਾਂਚ ਕਰਦੇ ਹੋਏ ਕਤਲ ਦੇ ਸੰਬੰਧ ਵਿਚ ਮਿ੍ਤਕ ਦੇ ਭਰਾ ਪਰਮਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜੱਸੋਮਾਜਰਾ ਨੂੰ ਕਤਲ ਦੇ ਦੋਸ਼ੀ ਹੋਣ ਦੇ ਸ਼ੱਕ ਸੰਬੰਧੀ ਗਿ੍ਫਤਾਰ ਕਰ ਲਿਆ ਗਿਆ | ਡੀ.ਐੱਸ.ਪੀ. ਬੱਲ ਨੇ ਦੱਸਿਆ ਕਿ ਪਰਮਿੰਦਰ ਸਿੰਘ ਜੋ ਕਿ ਸ਼ਰਾਬ ਪੀਣ ਦਾ ਆਦੀ ਸੀ ਅਤੇ ਮਿ੍ਤਕ ਸੰਦੀਪ ਸਿੰਘ ਉਰਫ ਦੀਪੂ ਜੋ ਕਿ ਕੁਆਰਾ ਸੀ | ਉਸ ਦੀ ਜਮੀਨ ਹੜੱਪਣ ਦੇ ਲਾਲਚ ਵਿਚ ਪਰਮਿੰਦਰ ਸਿੰਘ ਨੇ ਸੰਦੀਪ ਦਾ ਕਤਲ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਥਾਣਾ ਭਾਦਸੋ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਦੁਆਰਾ ਪਰਮਿੰਦਰ ਸਿੰਘ ਨੂੰ ਵਰਤੇ ਗਏ ਸੰਬੰਧਤ ਤਰੰਗਲੀ ਸਮੇਤ ਕਾਬੂ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਪਰਮਿੰਦਰ ਸਿੰਘ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ |