ਪਟਿਆਲਾ, 22 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੈਰ-ਅਧਿਆਪਨ ਸੰਘ ਦੀਆਂ ਚੋਣਾਂ ਕਰਵਾਈਆਂ ਗਈਆਂ | ਜਿਨ੍ਹਾਂ ਦੀ ਸਾਰੀ ਕਾਰਵਾਈ ਸ਼ਾਂਤੀਪੂਰਵਕ ਢੰਗ ਨਾਲ ਸੰਪੰਨ ਹੋਈ | ਇਨ੍ਹਾਂ ਚੋਣਾਂ ਲਈ ਕਰਮਚਾਰੀਆਂ ਦੇ ਈਫਾ ਗਰੁੱਪ, ਸਾਂਝੀ ਮੁਲਾਜ਼ਮ ਸੋਚ ਗਰੁੱਪ ਅਤੇ ਬਾਗੜੀਆਂ ਗਰੁੱਪ 'ਚ ਤਿ੍ਕੋਣਾ ਮੁਕਾਬਲਾ ਹੋਇਆ ਅਤੇ ਤਿੰਨਾਂ ਧਿਰਾਂ ਦਾ ਅੱਡੀ ਚੋਟੀ ਦਾ ਜੋਰ ਲੱਗਿਆ | ਦੇਰ ਸ਼ਾਮ ਆਏ ਚੋਣ ਨਤੀਜਿਆਂ ਤੋਂ ਬਾਅਦ ਗੁਰਜੀਤ ਸਿੰਘ ਗੋਪਾਲਪੁਰੀ ਦੀ ਅਗਵਾਈ ਵਾਲਾ ਈਫਾ ਗਰੁੱਪ ਸੰਘ ਦੇ ਸਾਰੇ 12 ਅਹੁਦਿਆਂ 'ਤੇ ਕਾਬਜ਼ ਰਿਹਾ | ਮੁੱਖ ਚੋਣ ਕਮਿਸ਼ਨਰ ਜਰਨੈਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਪ੍ਰਧਾਨਗੀ ਦੇ ਅਹੁਦੇ ਲਈ ਕੁਲ 1845 ਵੋਟਾਂ ਪੋਲ ਹੋਈਆਂ, ਜਿਨ੍ਹਾਂ 'ਚੋਂ 32 ਵੋਟਾਂ ਰੱਦ ਹੋਈਆਂ ਅਤੇ ਈਫਾ ਗਰੁੱਪ ਦੇ ਗੁਰਜੀਤ ਸਿੰਘ ਗੋਪਾਲਪੁਰੀ ਨੇ 933 ਵੋਟਾਂ ਹਾਸਿਲ ਕਰਕੇ ਪ੍ਰਧਾਨਗੀ ਦੇ ਅਹੁਦੇ 'ਤੇ ਜਿੱਤ ਹਾਸਿਲ ਕੀਤੀ | ਈਫਾ ਗਰੁੱਪ ਦੇ ਹੀ ਨਵਦੀਪ ਸਿੰਘ ਚਾਨੀ ਨੇ 761 ਵੋਟਾਂ ਨਾਲ ਮੀਤ ਪ੍ਰਧਾਨ, ਜਗਤਾਰ ਸਿੰਘ ਸੈਣੀ ਨੇ 841 ਵੋਟਾਂ ਨਾਲ ਜਨਰਲ ਸਕੱਤਰ ਦਾ ਅਹੁਦਾ ਜਿੱਤਿਆ | ਇਸ ਤੋਂ ਇਲਾਵਾ ਸੰਦੀਪ ਕੁਮਾਰ 865 ਵੋਟਾਂ ਪ੍ਰਾਪਤ ਕਰਕੇ ਸਕੱਤਰ, ਸ਼ਰਨਦੀਪ ਕੌਰ 883 ਵੋਟਾਂ ਪ੍ਰਾਪਤ ਕਰਕੇ ਸਹਾਇਕ ਸਕੱਤਰ, ਗੁਰਮੀਤ ਸਿੰਘ ਸਹੋਤਾ 812 ਵੋਟਾਂ ਲੈ ਕੇ ਪ੍ਰਚਾਰ ਸਕੱਤਰ ਅਤੇ ਮਨਜੀਤ ਸਿੰਘ 878 ਵੋਟਾਂ ਲੈ ਕੇ ਖ਼ਜ਼ਾਨਚੀ ਚੁਣੇ ਗਏ | ਈਫਾ ਗਰੁੱਪ ਦੇ ਹੀ ਗੁਰਨਾਮ ਕੌਰ 782 ਵੋਟਾਂ, ਮੋਹਨ ਲਾਲ ਪੰਜੋਲਾ 765 ਵੋਟਾਂ, ਇੰਦੂ ਬਾਲਾ 721 ਵੋਟਾਂ, ਸੰਜੀਵ 712 ਵੋਟਾਂ ਅਤੇ ਅਨਿਲ ਕੁਮਾਰ 708 ਵੋਟਾਂ ਨਾਲ ਮੈਂਬਰ ਚੁਣੇ ਗਏ |